ਬਲਾਚੌਰ, 29 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ):- ਰੋਪੜ੍ਹ-ਬਲਾਚੌਰ ਨੈਸ਼ਨਲ ਹਾਈਵੇਅ 'ਤੇ ਲੈਮਰਿਨ ਟੈੱਕ ਯੂਨੀਵਰਸਿਟੀ, ਰੈਲਮਾਜਰਾ ਦੇ ਨੇੜੇ ਕਾਰ ਅਤੇ ਟਿੱਪਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐਮਡੀਟੀ ਡਿਵਾਈਸ ਨਵਾਂਸ਼ਹਿਰ ਤੋਂ ਸੂਚਨਾ ਪ੍ਰਾਪਤ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਇੱਕ ਟਿੱਪਰ ਅਤੇ ਕਾਰ ਰੋਪੜ੍ਹ ਤੋਂ ਬਲਾਚੌਰ ਵੱਲ ਜਾ ਰਹੇ ਸਨ। ਜਦੋਂ ਦੋਵੇਂ ਵਾਹਨ ਲੈਮਰਿਨ ਟੈੱਕ ਯੂਨੀਵਰਸਿਟੀ ਦੇ ਸਾਹਮਣੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਹਾਦਸੇ ਸਬੰਧੀ ਐਸਐਸਐਫ ਟੀਮ ਵੱਲੋਂ ਕੰਟਰੋਲ ਰੂਮ ਨਵਾਂਸ਼ਹਿਰ ਅਤੇ ਆਸਰੋਂ ਚੌਕੀ ਇੰਚਾਰਜ ਨੂੰ ਸੂਚਿਤ ਕਰ ਦਿੱਤਾ ਗਿਆ ਹੈ।