ਚੰਡੀਗੜ੍ਹ, 27 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ‘ਖੇਡ ਮਹਾਂਕੁੰਭ ਹਰਿਆਣਾ-2026’ ਦੇ ਸ਼ੁਭੰਕਰ ਦਾ ਲੋਕ ਅਰਪਣ ਕੀਤਾ। ਰਾਜ ਪਸ਼ੂ ਕਾਲੇ ਹਿਰਨ ਦੀ ਥੀਮ ’ਤੇ ਤਿਆਰ ਕੀਤਾ ਗਿਆ ਇਹ ਸ਼ੁਭੰਕਰ ਹਰਿਆਣਾ ਦੀ ਪਛਾਣ, ਸੱਭਿਆਚਾਰਕ ਵਿਰਾਸਤ ਅਤੇ ਸੂਬੇ ਦੇ ਖਿਡਾਰੀਆਂ ਦੀ ਫੁਰਤੀ, ਚੌਕਸੀ, ਸੰਤੁਲਨ ਅਤੇ ਟੀਚੇ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ।
ਇਸ ਮੌਕੇ ਹਾਕੀ ਦੇ ਸਾਬਕਾ ਕਪਤਾਨ ਸਰਦਾਰ ਸਿੰਘ, ਏਸ਼ੀਆਈ ਖੇਡਾਂ ਦੀ ਤਗਮਾ ਜੇਤੂ ਪਰਵੀਨ ਹੁੱਡਾ ਅਤੇ ਮੁੱਕੇਬਾਜ਼ ਨਰਿੰਦਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਮਿਸਰ ਜਾਣ ਵਾਲੀ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਹਾਜ਼ਰ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਦਾ ਜੋਸ਼ ਅਤੇ ਉਤਸ਼ਾਹ ਹੀ ਸੂਬੇ ਦੀ ਸਭ ਤੋਂ ਵੱਡੀ ਤਾਕਤ ਹੈ। ਸਾਨੂੰ ਮਾਣ ਹੈ ਕਿ ਜਦੋਂ ਵੀ ਤਗਮਿਆਂ ਦੀ ਸੂਚੀ ਬਣਦੀ ਹੈ ਤਾਂ ਉਸ ਵਿੱਚ ਹਰਿਆਣਾ ਦਾ ਨਾਮ ਸਭ ਤੋਂ ਉੱਚਾ ਹੁੰਦਾ ਹੈ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡ ਮਹਾਂਕੁੰਭ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਦਾ ਇੱਕ ਵੱਡਾ ਮੰਚ ਪ੍ਰਦਾਨ ਕਰੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕਾਲਾ ਹਿਰਨ ਆਪਣੀ ਅਦਭੁਤ ਰਫ਼ਤਾਰ, ਫੁਰਤੀ, ਚੌਕਸੀ, ਸੰਤੁਲਨ ਅਤੇ ਨਿਮਰਤਾ ਲਈ ਜਾਣਿਆ ਜਾਂਦਾ ਹੈ। ਇਹੀ ਗੁਣ ਹਰਿਆਣਾ ਦੇ ਖਿਡਾਰੀਆਂ ਵਿੱਚ ਵੀ ਦਿਖਾਈ ਦਿੰਦੇ ਹਨ। ਖਿਡਾਰੀ ਜਦੋਂ ਮੈਦਾਨ ਵਿੱਚ ਉਤਰਦੇ ਹਨ ਤਾਂ ਉਨ੍ਹਾਂ ਵਿੱਚ ਕਾਲੇ ਹਿਰਨ ਵਰਗੀ ਫੁਰਤੀ, ਇਕਾਗਰਤਾ ਅਤੇ ਟੀਚੇ ਨੂੰ ਵਿੰਨ੍ਹਣ ਦੀ ਸਮਰੱਥਾ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸ਼ੁਭੰਕਰ ਰਾਹੀਂ ਸੂਬੇ ਦੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਵਾਤਾਵਰਣ ਦੀ ਸੁਰੱਖਿਆ, ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਕੁਦਰਤੀ ਵਿਰਾਸਤ ਨੂੰ ਸੰਭਾਲਣ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਖੇਡ ਮਹਾਂਕੁੰਭ ਦੇ ਰਾਜ ਪੱਧਰੀ ਮੁਕਾਬਲਿਆਂ ਵਿੱਚ 30 ਖੇਡਾਂ ਵਿੱਚ 18 ਹਜ਼ਾਰ ਖਿਡਾਰੀ ਆਪਣੀ ਪ੍ਰਤਿਭਾ, ਹੁਨਰ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਨਗੇ। ਮੁਕਾਬਲੇ ਦੋ ਪੜਾਵਾਂ ਵਿੱਚ ਸੂਬੇ ਦੇ 11 ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ। ਉਨ੍ਹਾਂ ਖੇਡ ਵਿਭਾਗ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਯੋਜਨ ਨਾਲ ਜੁੜੇ ਸਾਰੇ ਲੋਕਾਂ ਨੂੰ ਸਫਲ ਆਯੋਜਨ ਲਈ ਅਗਾਊਂ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਖੇਡ ਮਹਾਂਕੁੰਭ ਸਰਕਾਰ ਦੀ ਦੂਰਅੰਦੇਸ਼ੀ ਪਹਿਲ ਹੈ, ਜਿਸ ਦਾ ਉਦੇਸ਼ ਸੂਬੇ ਦੇ ਪਿੰਡਾਂ, ਕਸਬਿਆਂ ਅਤੇ ਛੋਟੇ ਸ਼ਹਿਰਾਂ ਵਿੱਚ ਲੁਕੀਆਂ ਖੇਡ ਪ੍ਰਤਿਭਾਵਾਂ ਨੂੰ ਢੁਕਵੇਂ ਮੌਕੇ, ਮਾਰਗਦਰਸ਼ਨ ਅਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਇਹੀ ਪ੍ਰਤਿਭਾਵਾਂ ਅੱਗੇ ਚੱਲ ਕੇ ਓਲੰਪਿਕ, ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਤਿਰੰਗੇ ਦੀ ਸ਼ਾਨ ਵਧਾ ਸਕਦੀਆਂ ਹਨ। ਸਾਲਾਨਾ ਖੇਡ ਕੈਲੰਡਰ ਅਨੁਸਾਰ ਇਸ ਮਹਾਂਕੁੰਭ ਦੀਆਂ ਗਤੀਵਿਧੀਆਂ 16 ਨਵੰਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਰਾਜ ਪੱਧਰੀ ਮੁਕਾਬਲਿਆਂ ਤੋਂ ਪਹਿਲਾਂ ਪੂਰੇ ਸੂਬੇ ਵਿੱਚ ਜ਼ਿਲ੍ਹਾ ਪੱਧਰ ’ਤੇ ਚੋਣ ਟਰਾਇਲ ਕਰਵਾਏ ਗਏ ਹਨ। ਇਨ੍ਹਾਂ ਟਰਾਇਲਾਂ ਵਿੱਚ ਨੌਜਵਾਨਾਂ ਦੀ ਵਧ-ਚੜ੍ਹ ਕੇ ਸ਼ਮੂਲੀਅਤ ਹਰਿਆਣਾ ਵਿੱਚ ਵਿਕਸਿਤ ਹੋ ਰਹੇ ਨਵੇਂ ਖੇਡ ਸੱਭਿਆਚਾਰ ਦਾ ਸਬੂਤ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਸਿਹਤ ਅਤੇ ਮਾਨਸਿਕ ਇਕਾਗਰਤਾ ਦਾ ਮਾਧਿਅਮ ਨਹੀਂ ਹਨ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਵਰਕ, ਲੀਡਰਸ਼ਿਪ ਸਮਰੱਥਾ ਅਤੇ ਹਾਰ-ਜਿੱਤ ਨੂੰ ਬਰਾਬਰ ਭਾਵ ਨਾਲ ਸਵੀਕਾਰ ਕਰਨ ਦੀ ਸਿੱਖਿਆ ਵੀ ਦਿੰਦੀਆਂ ਹਨ। ਖੇਡਾਂ ’ਤੇ ਕੀਤਾ ਗਿਆ ਨਿਵੇਸ਼ ਸੂਬੇ ਦੇ ਉੱਜਵਲ ਭਵਿੱਖ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਵਿੱਚ ਨਿਵੇਸ਼ ਹੈ।
12 ਸਾਲਾਂ ਵਿੱਚ ਖੇਡ ਸਹੂਲਤਾਂ ’ਤੇ ਕੀਤੇ ਬੇਮਿਸਾਲ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਹਰਿਆਣਾ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਉੱਤਮ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਤੋਂ ਲੈ ਕੇ ਖੇਡ ਅਕੈਡਮੀਆਂ, ਖੇਡ ਨਰਸਰੀਆਂ, ਸਿਖਲਾਈ ਸਹੂਲਤਾਂ ਅਤੇ ਆਧੁਨਿਕ ਖੇਡ ਢਾਂਚੇ ਦੇ ਵਿਸਥਾਰ ਤੱਕ ਲਗਾਤਾਰ ਕੰਮ ਕੀਤਾ ਗਿਆ ਹੈ। ਹਰਿਆਣਾ ਉੱਤਮ ਖਿਡਾਰੀ ਭਰਤੀ ਨਿਯਮਾਂ ਤਹਿਤ ਹੁਣ ਤੱਕ 260 ਉੱਤਮ ਖਿਡਾਰੀਆਂ ਨੂੰ ਗਰੁੱਪ-ਏ, ਬੀ ਅਤੇ ਸੀ ਦੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਓਲੰਪਿਕ, ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ 6 ਕਰੋੜ ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਜਾਂਦੇ ਹਨ। ਪਿਛਲੇ 12 ਸਾਲਾਂ ਵਿੱਚ ਸੂਬੇ ਦੇ 17 ਹਜ਼ਾਰ 676 ਖਿਡਾਰੀਆਂ ਨੂੰ 931 ਕਰੋੜ ਰੁਪਏ ਦੀ ਨਕਦ ਇਨਾਮ ਰਾਸ਼ੀ ਦਿੱਤੀ ਗਈ ਹੈ। ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਤਿਆਰੀ ਲਈ ਅਗਾਊਂ ਰਾਸ਼ੀ ਵੀ ਦਿੱਤੀ ਜਾਂਦੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ 8 ਤੋਂ 14 ਸਾਲ ਉਮਰ ਵਰਗ ਦੇ ਖਿਡਾਰੀਆਂ ਨੂੰ 1500 ਰੁਪਏ ਅਤੇ 15 ਤੋਂ 19 ਸਾਲ ਉਮਰ ਵਰਗ ਦੇ ਖਿਡਾਰੀਆਂ ਨੂੰ 2 ਹਜ਼ਾਰ ਰੁਪਏ ਮਾਸਿਕ ਵਜ਼ੀਫ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਖੇਡ ਗ੍ਰੇਡੇਸ਼ਨ ਨੀਤੀ ਵਿੱਚ ਸੋਧ ਕਰਕੇ ਹਰਿਆਣਾ ਸਟੇਟ ਗੇਮਜ਼ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਵੀ ਖੇਡ ਗ੍ਰੇਡੇਸ਼ਨ ਦਾ ਲਾਭ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਸਮੇਤ ਹੋਰ ਮੌਕੇ ਹਾਸਲ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਖੇਡ ਰਤਨ, ਦਰੋਣਾਚਾਰੀਆ, ਅਰਜੁਨ, ਧਿਆਨਚੰਦ ਅਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਨੂੰ ਹੁਣ ਪ੍ਰਤੀ ਮਹੀਨਾ 20 ਹਜ਼ਾਰ ਰੁਪਏ ਮਾਣ-ਭੱਤਾ ਦਿੱਤਾ ਜਾ ਰਿਹਾ ਹੈ। ਉੱਥੇ ਹੀ ਭੀਮ ਐਵਾਰਡ ਜੇਤੂਆਂ ਨੂੰ ਪ੍ਰਤੀ ਮਹੀਨਾ 5 ਹਜ਼ਾਰ ਰੁਪਏ ਮਾਣ-ਭੱਤਾ ਦਿੱਤਾ ਜਾ ਰਿਹਾ ਹੈ।
ਸੂਬੇ ਵਿੱਚ 2 ਹਜ਼ਾਰ ਖੇਡ ਨਰਸਰੀਆਂ, 40 ਹਜ਼ਾਰ ਬੱਚੇ ਕਰ ਰਹੇ ਨੇ ਅਭਿਆਸ
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਦੀ ਸਫਲਤਾ ਪਿੱਛੇ ਪਿੰਡ ਦੀ ਮਿੱਟੀ, ਸਕੂਲ ਦਾ ਮੈਦਾਨ ਅਤੇ ਸ਼ੁਰੂਆਤੀ ਸਿਖਲਾਈ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸੇ ਉਦੇਸ਼ ਨਾਲ ਸੂਬੇ ਵਿੱਚ 2 ਹਜ਼ਾਰ ਖੇਡ ਨਰਸਰੀਆਂ ਖੋਲ੍ਹੀਆਂ ਗਈਆਂ ਹਨ, ਜਿੱਥੇ ਲਗਭਗ 40 ਹਜ਼ਾਰ ਬੱਚੇ ਸਵੇਰੇ-ਸ਼ਾਮ ਅਭਿਆਸ ਕਰ ਰਹੇ ਹਨ। ਇਸ ਤੋਂ ਇਲਾਵਾ 25 ਰਿਹਾਇਸ਼ੀ ਖੇਡ ਅਕੈਡਮੀਆਂ ਸਥਾਪਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਖਿਡਾਰੀਆਂ ਨੂੰ ਪ੍ਰਤੀ ਦਿਨ 500 ਰੁਪਏ ਦੀ ਦਰ ਨਾਲ ਡਾਈਟ ਮਨੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਿਛਲੇ ਲਗਭਗ 12 ਸਾਲਾਂ ਵਿੱਚ ਖੇਡ ਬੁਨਿਆਦੀ ਢਾਂਚੇ ’ਤੇ ਕਰੀਬ 1100 ਕਰੋੜ ਰੁਪਏ ਖਰਚ ਕੀਤੇ ਗਏ ਹਨ। ਖਿਡਾਰੀਆਂ ਨੂੰ ਸੱਟ ਲੱਗਣ ਦੀ ਸਥਿਤੀ ਵਿੱਚ ਬਿਹਤਰ ਇਲਾਜ, ਸਿਖਲਾਈ ਅਤੇ ਮੁੜ-ਵਸੇਬੇ ਦੀਆਂ ਸਹੂਲਤਾਂ ਦੇਣ ਲਈ ਪੰਚਕੂਲਾ ਸਥਿਤ ਤਾਊ ਦੇਵੀਲਾਲ ਖੇਡ ਕੰਪਲੈਕਸ ਵਿੱਚ ਲਗਭਗ 10 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਪੱਧਰ ਦਾ ‘ਏ-ਸਟਾਰ’ ਉੱਨਤ ਵਿਗਿਆਨਕ ਸਿਖਲਾਈ ਅਤੇ ਮੁੜ-ਵਸੇਬਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਹ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾ ਅਤੇ ਸਭ ਤੋਂ ਆਧੁਨਿਕ ਕੇਂਦਰ ਹੈ।
ਏਸ਼ੀਆਈ ਖੇਡਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ 30 ਤਗਮੇ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਅਤੇ ਸੂਬੇ ਦਾ ਮਾਣ ਵਧਾਇਆ ਹੈ। ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 85 ਤਗਮੇ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ, ਜਿਸ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ 30 ਤਗਮਿਆਂ ਦਾ ਯੋਗਦਾਨ ਪਾਇਆ। ਭਾਰਤ ਦੇ 21 ਸੋਨ ਤਗਮਿਆਂ ਵਿੱਚੋਂ 14 ਸੋਨ ਤਗਮੇ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ।
ਇਸੇ ਤਰ੍ਹਾਂ ਪੈਰਾ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 114 ਤਗਮੇ ਜਿੱਤ ਕੇ ਹੁਣ ਤੱਕ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ, ਜਿਸ ਵਿੱਚ ਹਰਿਆਣਾ ਦੇ ਪੈਰਾ ਖਿਡਾਰੀਆਂ ਨੇ 9 ਸੋਨ ਤਗਮਿਆਂ ਸਮੇਤ ਕੁੱਲ 31 ਤਗਮੇ ਹਾਸਲ ਕੀਤੇ। ਰਾਸ਼ਟਰਮੰਡਲ ਖੇਡਾਂ ਵਿੱਚ ਵੀ ਹਰਿਆਣਾ ਦੇ ਖਿਡਾਰੀਆਂ ਨੇ ਦੇਸ਼ ਦੇ 39 ਤਗਮਿਆਂ ਵਿੱਚੋਂ 11 ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਖੇਡ ਮਹਾਂਕੁੰਭ ਦੇ ਸ਼ੁਭੰਕਰ ਤੋਂ ਹਰ ਰੋਜ਼ ਆਪਣੇ ਆਪ ਨੂੰ ਕੱਲ੍ਹ ਨਾਲੋਂ ਬਿਹਤਰ ਬਣਾਉਣ ਦੀ ਪ੍ਰੇਰਨਾ ਲੈਣ। ਜਿੱਤ ਅਤੇ ਹਾਰ ਖੇਡ ਦੇ ਦੋ ਪਹਿਲੂ ਹਨ, ਪਰ ਸੱਚੀ ਖੇਡ ਭਾਵਨਾ, ਇਮਾਨਦਾਰੀ ਅਤੇ ਆਪਣਾ ਸੌ ਫ਼ੀਸਦੀ ਸਮਰਪਣ ਹੀ ਇੱਕ ਸੱਚੇ ਖਿਡਾਰੀ ਦੀ ਸਭ ਤੋਂ ਵੱਡੀ ਪਛਾਣ ਹੈ। ਉਨ੍ਹਾਂ ਸੂਬੇ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਲਗਾਤਾਰ ਉਤਸ਼ਾਹਿਤ ਕਰਨ।
ਹਰਿਆਣਾ ਦੇ ਖਿਡਾਰੀਆਂ ਨੂੰ ਮਿੱਟੀ ਤੋਂ ਮੈਡਲ ਤੱਕ ਪਹੁੰਚਾਉਣ ਦਾ ਕੰਮ ਕਰ ਰਹੀ ਸਰਕਾਰ : ਗੌਰਵ ਗੌਤਮ
ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੂਬਾ ਸਰਕਾਰ ਹਰਿਆਣਾ ਦੇ ਖਿਡਾਰੀਆਂ ਨੂੰ ਮਿੱਟੀ ਤੋਂ ਮੈਡਲ ਤੱਕ ਪਹੁੰਚਾਉਣ ਦੇ ਸੰਕਲਪ ਨਾਲ ਕੰਮ ਕਰ ਰਹੀ ਹੈ। ਸਰਕਾਰ ਦੀ ਖੇਡ ਨੀਤੀ, ਖਿਡਾਰੀਆਂ ਦਾ ਜਜ਼ਬਾ, ਉਤਸ਼ਾਹ ਅਤੇ ਜਨੂੰਨ ਮਿਲ ਕੇ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ’ਤੇ ਲੈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਪ੍ਰਾਪਤੀਆਂ ਨਾਲ ਦੇਸ਼-ਦੁਨੀਆ ਵਿੱਚ ਇਹ ਪਛਾਣ ਬਣਾਈ ਹੈ ਕਿ ਖੇਡ ਦਾ ਮਤਲਬ ਹਰਿਆਣਾ ਅਤੇ ਹਰਿਆਣਾ ਦਾ ਮਤਲਬ ਖੇਡ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਕਰਵਾਏ ਜਾਣ ਵਾਲੇ ਇਸ ਖੇਡ ਮਹਾਂਕੁੰਭ ਵਿੱਚ 20 ਹਜ਼ਾਰ ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। 30 ਤੋਂ ਵੱਧ ਖੇਡ ਵੰਨਗੀਆਂ ਦੇ ਮੁਕਾਬਲੇ ਸੂਬੇ ਦੇ 11 ਤੋਂ ਵੱਧ ਸ਼ਹਿਰਾਂ ਵਿੱਚ ਕਰਵਾਏ ਜਾਣਗੇ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਆਯੋਜਨ ਵਿੱਚੋਂ ਨਿਕਲਣ ਵਾਲੀਆਂ ਪ੍ਰਤਿਭਾਵਾਂ ਭਵਿੱਖ ਵਿੱਚ ਏਸ਼ੀਆਈ ਖੇਡਾਂ, ਪੈਰਾ ਓਲੰਪਿਕ ਅਤੇ ਓਲੰਪਿਕ ਵਰਗੇ ਅੰਤਰਰਾਸ਼ਟਰੀ ਮੰਚਾਂ ’ਤੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੀਆਂ।
ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜ਼ਮੀਨੀ ਪੱਧਰ ’ਤੇ ਖੇਡ ਪ੍ਰਤਿਭਾਵਾਂ ਨੂੰ ਤਿਆਰ ਕਰਨ ਲਈ ਖੇਡ ਨਰਸਰੀਆਂ ਤੋਂ ਲੈ ਕੇ ਟੌਪਸ ਵਰਗੀਆਂ ਯੋਜਨਾਵਾਂ ਤੱਕ ਖਿਡਾਰੀਆਂ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀ ਹੈ। ਮੁੱਖ ਮੰਤਰੀ ਦੀ ਅਗਵਾਈ ਹੇਠ ਹਰਿਆਣਾ ਨੇ ਖੇਡਾਂ ਦੇ ਖੇਤਰ ਵਿੱਚ ਮਿੱਟੀ ਤੋਂ ਮੈਡਲ ਤੱਕ ਦਾ ਸਫ਼ਰ ਤੈਅ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਖਿਡਾਰੀਆਂ ਦੀ ਚੋਣ ਵਿੱਚ ਪਾਰਦਰਸ਼ਤਾ, ਬਿਹਤਰ ਡਾਈਟ ਮਨੀ, ਆਧੁਨਿਕ ਖੇਡ ਢਾਂਚੇ ਅਤੇ ਉੱਤਮ ਸਿਖਲਾਈ ਕੇਂਦਰਾਂ ਦੀ ਵਿਵਸਥਾ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਓਲੰਪਿਕ-2036 ਤਹਿਤ ਹਰਿਆਣਾ ਦਾ ਟੀਚਾ ਸਾਲ 2036 ਵਿੱਚ 36 ਤਗਮੇ ਹਾਸਲ ਕਰਨ ਦਾ ਹੈ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸੂਬਾ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਮਜ਼ਬੂਤੀ ਨਾਲ ਅੱਗੇ ਵਧੇਗਾ। ਆਉਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਦੇਸ਼ ਅਤੇ ਦੁਨੀਆ ਵਿੱਚ ਸੂਬੇ ਦੀ ਖੇਡ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਖੇਡਾਂ ਵਿੱਚ ਭਾਰਤ ਦੇ ਤਗਮਿਆਂ ਵਿੱਚ ਹਰਿਆਣਾ ਦੇ ਖਿਡਾਰੀਆਂ ਦੀ ਵੱਡੀ ਹਿੱਸੇਦਾਰੀ ਹੋਵੇਗੀ।
ਖੇਡ ਮੰਤਰੀ ਨੇ ਕਿਹਾ ਕਿ ਖੇਡ ਮਹਾਂਕੁੰਭ ਇਸ ਵਾਰ ਪਹਿਲਾਂ ਨਾਲੋਂ ਵਧੇਰੇ ਸ਼ਾਨਦਾਰ ਪੱਧਰ ’ਤੇ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਪਿਛਲੀ ਵਾਰ ਦੇ ਮੁਕਾਬਲੇ ਦੁੱਗਣਾ ਬਜਟ ਦੇ ਕੇ ਖਿਡਾਰੀਆਂ ਦੇ ਸਨਮਾਨ ਅਤੇ ਸਹੂਲਤਾਂ ਪ੍ਰਤੀ ਆਪਣੀ ਵਚਨਬੱਧਤਾ ਦਿਖਾਈ ਹੈ। ਖਿਡਾਰੀਆਂ ਦੀ ਕਿੱਟ ਤੋਂ ਲੈ ਕੇ ਡਾਈਟ ਤੱਕ ਹਰ ਲੋੜ ਦਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਖਿਡਾਰੀਆਂ ਦਾ ਸਰਕਾਰ ਪ੍ਰਤੀ ਵਿਸ਼ਵਾਸ ਲਗਾਤਾਰ ਮਜ਼ਬੂਤ ਹੋਇਆ ਹੈ।
ਹਰਿਆਣਾ ਦੇ ਨੌਜਵਾਨਾਂ ਨੂੰ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਦਾ ਖੇਡ ਈਕੋਸਿਸਟਮ ਮੁਹੱਈਆ ਕਰਵਾਉਣਾ ਪਹਿਲ : ਅਮਨੀਤ ਪੀ. ਕੁਮਾਰ
ਖੇਡ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਵਿਜ਼ਨ ਅਨੁਸਾਰ ਹਰਿਆਣਾ ਦੇ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦਾ ਖੇਡ ਬੁਨਿਆਦੀ ਢਾਂਚਾ, ਸਿਖਲਾਈ ਅਤੇ ਬਿਹਤਰ ਖੇਡ ਈਕੋਸਿਸਟਮ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਰਕਾਰ ਦਾ ਉਦੇਸ਼ ਸੂਬੇ ਦੇ ਖਿਡਾਰੀਆਂ ਨੂੰ ਅਜਿਹੀਆਂ ਸਹੂਲਤਾਂ ਦੇਣਾ ਹੈ, ਜਿਸ ਨਾਲ ਉਹ ਆਪਣੀ ਪ੍ਰਤਿਭਾ ਦੇ ਦਮ ’ਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਜਿੱਤ ਕੇ ਹਰਿਆਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਉਨ੍ਹਾਂ ਕਿਹਾ ਕਿ ਖੇਡ ਮਹਾਂਕੁੰਭ ਵਿੱਚ ਐਥਲੈਟਿਕਸ ਤੋਂ ਲੈ ਕੇ ਵਾਟਰ ਸਪੋਰਟਸ ਅਤੇ ਓਲੰਪਿਕ, ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਨਾਲ ਜੁੜੀਆਂ ਵੰਨਗੀਆਂ ਵਿੱਚ ਪ੍ਰਤਿਭਾਵਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ। ਇਸ ਆਯੋਜਨ ਰਾਹੀਂ ਭਵਿੱਖ ਦੇ ਚੈਂਪੀਅਨ ਤਿਆਰ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਵਿਕਸਿਤ ਭਾਰਤ ਦਾ ਵਿਜ਼ਨ ਅਤੇ ਫਿੱਟ ਇੰਡੀਆ ਦੀ ਸੋਚ ਸੂਬੇ ਦੀ ਖੇਡ ਨੀਤੀ ਨੂੰ ਨਵੀਂ ਦਿਸ਼ਾ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਦਾ ਯਤਨ ਹੈ ਕਿ ਹਰਿਆਣਾ ਦੇ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦਾ ਬੁਨਿਆਦੀ ਢਾਂਚਾ, ਸਿਖਲਾਈ ਸਹੂਲਤਾਂ, ਉਤਸ਼ਾਹ ਵਧਾਊ ਰਾਸ਼ੀ ਅਤੇ ਬਿਹਤਰ ਖੇਡ ਮਾਹੌਲ ਮਿਲੇ। ਖਿਡਾਰੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਪ੍ਰਾਪਤੀਆਂ ਅਨੁਸਾਰ ਸਹਿਯੋਗ ਦਿੱਤਾ ਜਾਵੇ, ਤਾਂ ਜੋ ਉਹ ਅੱਗੇ ਵਧ ਕੇ ਤਗਮੇ ਹਾਸਲ ਕਰ ਸਕਣ ਅਤੇ ਸੂਬੇ ਤੇ ਦੇਸ਼ ਦਾ ਮਾਣ ਵਧਾਉਣ।
ਇਸ ਮੌਕੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀ ਯਸ਼ਪਾਲ, ਆਈਪੀਐਸ ਸ੍ਰੀ ਪੰਕਜ ਨੈਨ, ਡਾਇਰੈਕਟਰ ਸਪੋਰਟਸ ਸ੍ਰੀ ਸ਼ਕਤੀ ਸਿੰਘ ਅਤੇ ਓਐਸਡੀ ਸ੍ਰੀ ਬੀ.ਬੀ. ਭਾਰਤੀ ਵੀ ਮੌਜੂਦ ਸਨ।
