ਚੰਡੀਗੜ੍ਹ, 27 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਸੰਤ ਕਬੀਰ ਕੁਟੀਰ ਨਿਵਾਸ 'ਤੇ ਹਾਂਸੀ ਦੇ ਢਾਣਾ ਕਲਾਂ ਪਿੰਡ ਦੀ ਹੋਣਹਾਰ ਮੁੱਕੇਬਾਜ਼ ਗੁੰਜਨ ਨੂੰ ਇੱਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਗੁੰਜਨ ਨੇ ਸੇਨੇਗਲ ਦੇ ਡਕਾਰ ਵਿੱਚ ਆਯੋਜਿਤ ਯੂਥ ਓਲੰਪਿਕ 2026 ਦੇ ਬਾਕਸਿੰਗ ਮੁਕਾਬਲੇ ਦੇ 48 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਸੂਬੇ ਅਤੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਵੀ ਗੁੰਜਨ ਨੇ 2026 ਅੰਡਰ-19 ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ (ਜਕਾਰਤਾ, ਇੰਡੋਨੇਸ਼ੀਆ) ਅਤੇ 2026 ਵਰਲਡ ਬਾਕਸਿੰਗ ਫਿਊਚਰ ਕੱਪ (ਬੈਂਕਾਕ, ਥਾਈਲੈਂਡ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦੇ ਤਗ਼ਮੇ ਆਪਣੇ ਨਾਮ ਕੀਤੇ ਹਨ।

ਇਸ ਮੌਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁੰਜਨ ਦੀ ਅਸਾਧਾਰਨ ਪ੍ਰਤਿਭਾ, ਅਨੁਸ਼ਾਸਨ ਅਤੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਦੀ ਧੀ ਨੇ ਅੰਤਰਰਾਸ਼ਟਰੀ ਮੰਚ 'ਤੇ ਸੁਨਹਿਰੀ ਸਫਲਤਾ ਹਾਸਲ ਕਰਕੇ ਇਹ ਸਿੱਧ ਕਰ ਦਿੱਤਾ ਹੈ ਕਿ ਹਰਿਆਣਾ ਦੀਆਂ ਧੀਆਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਉਨ੍ਹਾਂ ਕਿਹਾ ਕਿ ਗੁੰਜਨ ਦੀ ਇਹ ਪ੍ਰਾਪਤੀ ਸੂਬੇ ਦੇ ਹੋਰ ਨੌਜਵਾਨਾਂ ਅਤੇ ਖਿਡਾਰੀਆਂ ਲਈ ਇੱਕ ਵੱਡੀ ਪ੍ਰੇਰਨਾ ਹੈ।

ਹਰਿਆਣਾ ਦੀ ਖੇਡ ਨੀਤੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਪਾਰਦਰਸ਼ੀ ਅਤੇ ਖਿਡਾਰੀ-ਪੱਖੀ ਖੇਡ ਨੀਤੀ ਸਦਕਾ ਅੱਜ ਹਰਿਆਣਾ ਦੇਸ਼ ਵਿੱਚ ਖੇਡਾਂ ਦਾ ਪਾਵਰਹਾਊਸ ਬਣ ਚੁੱਕਾ ਹੈ। ਖਿਡਾਰੀਆਂ ਨੂੰ ਜ਼ਮੀਨੀ ਪੱਧਰ ਤੋਂ ਹੀ ਆਧੁਨਿਕ ਸਹੂਲਤਾਂ, ਮਿਆਰੀ ਸਿਖਲਾਈ, ਨਰਸਰੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀ ਤਗ਼ਮਾ ਜੇਤੂ ਰਾਸ਼ੀ ਸਮੇਂ ਸਿਰ ਉਪਲਬਧ ਕਰਵਾਈ ਜਾ ਰਹੀ ਹੈ, ਤਾਂ ਜੋ ਖਿਡਾਰੀ ਬਿਨਾਂ ਕਿਸੇ ਚਿੰਤਾ ਦੇ ਸਿਰਫ਼ ਆਪਣੀ ਖੇਡ ਅਤੇ ਬਿਹਤਰੀਨ ਪ੍ਰਦਰਸ਼ਨ 'ਤੇ ਧਿਆਨ ਕੇਂਦਰਿਤ ਕਰ ਸਕਣ। ਮੁੱਖ ਮੰਤਰੀ ਨੇ ਗੁੰਜਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਇਤਿਹਾਸਕ ਪ੍ਰਾਪਤੀ 'ਤੇ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਨਮਾਨ ਸਮਾਰੋਹ ਦੌਰਾਨ ਹਾਂਸੀ ਦੇ ਵਿਧਾਇਕ ਸ੍ਰੀ ਵਿਨੋਦ ਭਿਆਣਾ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ, ਖੇਡ ਡਾਇਰੈਕਟਰ ਸ੍ਰੀ ਸ਼ਕਤੀ ਸਿੰਘ, ਵਧੀਕ ਡਾਇਰੈਕਟਰ ਸ੍ਰੀ ਅਸ਼ਵਨੀ ਮਲਿਕ ਅਤੇ ਗੁੰਜਨ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।