ਚੰਡੀਗੜ੍ਹ, 27 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਵਿਭਾਗ ਅਤੇ ਹਰਿਆਣਾ ਨਵਿਆਉਣਯੋਗ ਊਰਜਾ ਵਿਕਾਸ ਏਜੰਸੀ (ਹਰੇਡਾ) ਵੱਲੋਂ ਸਾਲ 2025-26 ਦੌਰਾਨ ਊਰਜਾ ਸੰਭਾਲ ਦੇ ਖੇਤਰ ਵਿੱਚ ਕੀਤੇ ਗਏ ਸ਼ਾਨਦਾਰ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਰਾਜ ਪੱਧਰੀ ਊਰਜਾ ਸੰਭਾਲ ਪੁਰਸਕਾਰ (ਐਸਐਲਈਸੀਏ-2026) ਪ੍ਰਦਾਨ ਕੀਤੇ ਜਾਣਗੇ।

ਇਸ ਸਬੰਧ ਵਿੱਚ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਊਰਜਾ ਕੁਸ਼ਲਤਾ ਅਤੇ ਟਿਕਾਊ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਪੁਰਸਕਾਰ ਵੱਖ-ਵੱਖ ਨਿਰਧਾਰਤ ਸ਼੍ਰੇਣੀਆਂ ਵਿੱਚ ਦਿੱਤੇ ਜਾਣਗੇ, ਜਿਨ੍ਹਾਂ ਵਿੱਚ ਵੱਧ ਤੋਂ ਵੱਧ 2 ਲੱਖ ਰੁਪਏ ਤੱਕ ਦੀ ਪੁਰਸਕਾਰ ਰਾਸ਼ੀ ਦਾ ਪ੍ਰਬੰਧ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਪੁਰਸਕਾਰ ਲਈ ਐਮਐਸਐਮਈ ਸਮੇਤ ਵੱਖ-ਵੱਖ ਉਦਯੋਗਾਂ, ਵਪਾਰਕ, ਸਰਕਾਰੀ ਅਤੇ ਸੰਸਥਾਗਤ ਇਮਾਰਤਾਂ ਅਤੇ ਗਰੁੱਪ ਹਾਊਸਿੰਗ ਸੁਸਾਇਟੀਆਂ ਆਦਿ, ਨਵੀਨਤਾ, ਨਵੀਂ ਤਕਨਾਲੋਜੀ ਅਤੇ ਖੋਜ ਤੇ ਵਿਕਾਸ (ਆਰਐਂਡਡੀ) ਪ੍ਰੋਜੈਕਟਾਂ, ਸਰਵੋਤਮ ਊਰਜਾ ਆਡਿਟਿੰਗ, ਗ੍ਰੀਨ ਬਿਲਡਿੰਗ ਅਤੇ ਈਸੀਬੀਸੀ ਲਾਗੂ ਕਰਨ ਵਾਲੀਆਂ ਫਰਮਾਂ ਜਾਂ ਏਜੰਸੀਆਂ ਅਤੇ ਡਿਸਕੌਮਜ਼ ਦੇ ਸਬ-ਸਟੇਸ਼ਨਾਂ ਦੀਆਂ ਸ਼੍ਰੇਣੀਆਂ ਵਿੱਚ ਅਰਜ਼ੀਆਂ ਮੰਗੀਆਂ ਗਈਆਂ ਹਨ।

ਚਾਹਵਾਨ ਬਿਨੈਕਾਰਾਂ ਨੂੰ ਆਪਣੇ ਅਰਜ਼ੀ ਫਾਰਮ ਆਨਲਾਈਨ ਮਾਧਿਅਮ ਰਾਹੀਂ ਅਧਿਕਾਰਤ ਪੋਰਟਲ https://app.haredasleca.in 'ਤੇ ਜਮ੍ਹਾਂ ਕਰਵਾਉਣੇ ਹੋਣਗੇ। ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 23 ਦਸੰਬਰ 2026 ਨਿਰਧਾਰਤ ਕੀਤੀ ਗਈ ਹੈ।

ਬੁਲਾਰੇ ਨੇ ਸਪੱਸ਼ਟ ਕੀਤਾ ਕਿ ਆਨਲਾਈਨ ਅਰਜ਼ੀ ਦੇਣ ਦੇ ਨਾਲ-ਨਾਲ ਬਿਨੈਕਾਰ ਨੂੰ ਆਪਣੀ ਅਰਜ਼ੀ ਦੀ ਇੱਕ ਕਾਪੀ ਸਬੰਧਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰੋਜੈਕਟ ਅਧਿਕਾਰੀ, ਨਵੀਂ ਅਤੇ ਨਵਿਆਉਣਯੋਗ ਊਰਜਾ ਵਿਭਾਗ ਦੇ ਦਫ਼ਤਰ ਵਿੱਚ ਵੀ ਜਮ੍ਹਾਂ ਕਰਵਾਉਣੀ ਹੋਵੇਗੀ।

ਇਸ ਯੋਜਨਾ ਜਾਂ ਅਰਜ਼ੀ ਪ੍ਰਕਿਰਿਆ ਨਾਲ ਜੁੜੀ ਹੋਰ ਜਾਣਕਾਰੀ ਜਾਂ ਸਹਾਇਤਾ ਲਈ ਅਕਸ਼ੈ ਊਰਜਾ ਭਵਨ, ਇੰਸਟੀਚਿਊਸ਼ਨਲ ਪਲਾਟ ਨੰਬਰ-1, ਸੈਕਟਰ-17, ਪੰਚਕੂਲਾ ਸਥਿਤ ਹਰੇਡਾ ਦਫ਼ਤਰ ਦੇ ਟੈਲੀਫੋਨ ਨੰਬਰ 0172-2566533, 2587233 ਜਾਂ ਈਮੇਲ [email protected] 'ਤੇ ਸੰਪਰਕ ਕੀਤਾ ਜਾ ਸਕਦਾ ਹੈ।