ਚੰਡੀਗੜ੍ਹ, 27 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂਕੁਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਵੇਦਾਂ ਦੀਆਂ ਰਿਚਾਵਾਂ ਦੇ ਗਿਆਨ ਦੇ ਨਾਲ-ਨਾਲ ਆਧੁਨਿਕ ਵਿਗਿਆਨ ਅਤੇ ਤਕਨੀਕ ਵਿੱਚ ਵੀ ਨਿਪੁੰਨ ਬਣਨ ਅਤੇ ਵਿਕਸਤ ਹਰਿਆਣਾ ਤੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਉਣ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਪੰਚਕੂਲਾ ਮਾਤਾ ਮਨਸਾ ਦੇਵੀ ਮੰਦਰ ਕੰਪਲੈਕਸ ਸਥਿਤ ਸ੍ਰੀ ਮੁਕਤੀ ਨਾਥ ਵੇਦ ਵਿਦਿਆਸ਼ਰਮ (ਸੰਸਕ੍ਰਿਤ ਗੁਰੂਕੁਲ) ਦੇ ਸਿਲਵਰ ਜੁਬਲੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਸੰਸਕ੍ਰਿਤ ਗੁਰੂਕੁਲ ਦੇ ਵਿਕਾਸ ਅਤੇ ਵਿਦਿਅਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 21 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰੂਕੁਲ ਕੰਪਲੈਕਸ ਵਿੱਚ ਮੰਤਰਾਂ ਦੇ ਉਚਾਰਨ ਦੌਰਾਨ ਆਯੋਜਿਤ ਹਵਨ ਵਿੱਚ ਹਿੱਸਾ ਲਿਆ ਅਤੇ ਆਹੂਤੀ ਪਾਈ।
ਮੁੱਖ ਮੰਤਰੀ ਨੇ ਕਿਹਾ ਕਿ ਗੁਰੂਕੁਲ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਸਾਨੂੰ ਆਉਣ ਵਾਲੇ 25 ਸਾਲਾਂ ਲਈ ਵੀ ਨਵੇਂ ਸੰਕਲਪ ਲੈਣੇ ਹੋਣਗੇ। ਜਦੋਂ ਇਹ ਗੁਰੂਕੁਲ ਆਪਣੀ ਗੋਲਡਨ ਜੁਬਲੀ ਮਨਾਵੇਗਾ, ਉਦੋਂ ਤੱਕ ਭਾਰਤ ਇੱਕ ਵਿਕਸਤ ਰਾਸ਼ਟਰ ਵਜੋਂ ਸਥਾਪਿਤ ਹੋ ਚੁੱਕਾ ਹੋਵੇਗਾ। ਵਿਕਸਤ ਭਾਰਤ ਅਤੇ ਵਿਕਸਤ ਹਰਿਆਣਾ ਦੇ ਨਿਰਮਾਣ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਲਈ 25 ਸਾਲਾਂ ਦਾ ਸਫ਼ਰ ਤੈਅ ਕਰਨਾ ਉਸ ਦੀ ਤਪੱਸਿਆ, ਤਿਆਗ, ਸਮਰਪਣ ਅਤੇ ਉੱਚ ਆਦਰਸ਼ਾਂ ਤੇ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਇਹ ਪ੍ਰਾਪਤੀ ਸੰਸਥਾ ਨਾਲ ਜੁੜੇ ਹਰੇਕ ਵਿਅਕਤੀ ਦੇ ਸਾਂਝੇ ਯਤਨਾਂ ਅਤੇ ਨਿਰੰਤਰ ਸਾਧਨਾ ਦਾ ਨਤੀਜਾ ਹੁੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਮੁਕਤੀ ਨਾਥ ਵੇਦ ਵਿਦਿਆਸ਼ਰਮ ਇੱਕ ਅਜਿਹੀ ਟਕਸਾਲ ਹੈ, ਜਿੱਥੇ ਚਰਿੱਤਰਵਾਨ ਅਤੇ ਸੰਸਕਾਰਵਾਨ ਨਾਗਰਿਕ ਘੜੇ ਜਾਂਦੇ ਹਨ। ਇਸ ਨੇ ਪਿਛਲੇ 25 ਸਾਲਾਂ ਵਿੱਚ ਵਿਦਿਆਰਥੀਆਂ ਨੂੰ ਵੈਦਿਕ ਮੰਤਰਾਂ ਅਤੇ ਸ਼ਾਸਤਰਾਂ ਦਾ ਜ਼ੁਬਾਨੀ ਗਿਆਨ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰ ਦੇਸ਼ ਭਗਤੀ, ਅਨੁਸ਼ਾਸਨ, ਸੇਵਾ ਭਾਵਨਾ ਅਤੇ ਉੱਚ ਨੈਤਿਕ ਚਰਿੱਤਰ ਦਾ ਨਿਰਮਾਣ ਵੀ ਕੀਤਾ ਹੈ। ਇੱਥੋਂ ਸਿੱਖਿਆ ਪ੍ਰਾਪਤ ਕਰਕੇ ਨਿਕਲੇ ਵਿਦਿਆਰਥੀ ਅੱਜ ਦੇਸ਼ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਭਾਰਤੀ ਸੱਭਿਆਚਾਰ ਦੇ ਝੰਡਾਬਰਦਾਰ ਬਣ ਕੇ ਸਮਾਜ ਦਾ ਮਾਰਗਦਰਸ਼ਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਦੇ ਇਸ ਡਿਜੀਟਲ ਅਤੇ ਏ.ਆਈ. ਦੇ ਯੁੱਗ ਵਿੱਚ ਗੁਰੂਕੁਲਾਂ ਅਤੇ ਸੰਸਕ੍ਰਿਤ ਦੀ ਵਿਸ਼ੇਸ਼ ਸਾਰਥਕਤਾ ਬਣੀ ਹੋਈ ਹੈ। ਜਦੋਂ ਵੀ ਮਨੁੱਖ ਮਾਨਸਿਕ ਅਸ਼ਾਂਤੀ, ਨੈਤਿਕ ਪਤਨ ਜਾਂ ਵਾਤਾਵਰਣ ਸੰਕਟ ਦੇ ਹਨੇਰੇ ਵਿੱਚ ਭਟਕਿਆ ਹੈ, ਤਾਂ ਉਸ ਨੂੰ ਰਾਹ ਦਿਖਾਉਣ ਦਾ ਕੰਮ ਇਨ੍ਹਾਂ ਗੁਰੂਕੁਲਾਂ ਅਤੇ ਵੇਦਾਂ ਦੇ ਗਿਆਨ ਨੇ ਹੀ ਕੀਤਾ ਹੈ। ਸੰਸਕ੍ਰਿਤ ਸਿਰਫ਼ ਪੂਜਾ-ਪਾਠ ਜਾਂ ਕਰਮਕਾਂਡ ਦੀ ਭਾਸ਼ਾ ਨਹੀਂ ਹੈ, ਇਹ ਵਿਗਿਆਨ, ਗਣਿਤ, ਖਗੋਲ ਸ਼ਾਸਤਰ, ਆਯੁਰਵੇਦ, ਯੋਗਾ ਅਤੇ ਜੀਵਨ ਪ੍ਰਬੰਧਨ ਦੇ ਗਿਆਨ ਦਾ ਅਮੁੱਕ ਭੰਡਾਰ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਗੁਰੂਕੁਲ ਵਿੱਚ ਸੇਵਾ ਭਾਵਨਾ ਨਾਲ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂਕੁਲ ਵਿੱਚ ਵਿਦਿਆਰਥੀਆਂ ਨੂੰ ਸੰਸਕ੍ਰਿਤ ਦੀ ਸਿੱਖਿਆ ਦੇ ਨਾਲ-ਨਾਲ ਰਿਹਾਇਸ਼ ਅਤੇ ਭੋਜਨ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਂਦੀ ਹੈ। ਵੱਖ-ਵੱਖ ਸੂਬਿਆਂ ਤੋਂ, ਇੱਥੋਂ ਤੱਕ ਕਿ ਨੇਪਾਲ ਤੋਂ ਵੀ ਵਿਦਿਆਰਥੀ ਇੱਥੇ ਪੜ੍ਹਨ ਆਉਂਦੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪਿਛੋਕੜ ਤੋਂ ਆਏ ਬੱਚੇ ਇਕੱਠੇ ਰਹਿੰਦੇ ਹਨ, ਇਕੱਠੇ ਪੜ੍ਹਦੇ ਹਨ ਅਤੇ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਨਾਲ ਖੜ੍ਹਨਾ ਸਿੱਖਦੇ ਹਨ, ਜੋ ਕਿ ਸਮਾਜਿਕ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਗੁਰੂਕੁਲ ਵਿੱਚ ਬੱਚੇ ਵੇਦ, ਸੰਸਕ੍ਰਿਤ ਵਿਆਕਰਣ, ਦਰਸ਼ਨ ਅਤੇ ਸਾਹਿਤ ਪੜ੍ਹਦੇ ਹਨ। ਇਸ ਦੇ ਨਾਲ ਹੀ ਉਹ ਹਿੰਦੀ, ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਕੰਪਿਊਟਰ ਦੀ ਸਿੱਖਿਆ ਵੀ ਪ੍ਰਾਪਤ ਕਰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੇਵਬਾਣੀ ਸੰਸਕ੍ਰਿਤ ਦੀ ਸੰਭਾਲ, ਪ੍ਰਫੁੱਲਤਾ ਅਤੇ ਵਿਵਹਾਰਕ ਪ੍ਰਸਾਰ ਲਈ ਬਹੁਪੱਖੀ ਯਤਨ ਕਰ ਰਹੀ ਹੈ। ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ ਸਕੂਲਾਂ ਵਿੱਚ ਤਿੰਨ-ਭਾਸ਼ਾਈ ਫਾਰਮੂਲਾ ਲਾਗੂ ਕਰਕੇ ਵਿਦਿਆਰਥੀਆਂ ਨੂੰ ਸੰਸਕ੍ਰਿਤ ਪੜ੍ਹਨ ਦਾ ਵਿਕਲਪ ਦਿੱਤਾ ਗਿਆ ਹੈ। ਸਰਕਾਰੀ ਕਾਲਜਾਂ ਵਿੱਚ ਵੀ ਸੰਸਕ੍ਰਿਤ ਇੱਕ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ। ਉਚੇਰੀ ਸਿੱਖਿਆ ਅਤੇ ਖੋਜ ਨੂੰ ਹੁਲਾਰਾ ਦੇਣ ਲਈ ਕੈਥਲ ਦੇ ਮੁੰਦੜੀ ਵਿਖੇ ਮਹਾਰਿਸ਼ੀ ਵਾਲਮੀਕਿ ਸੰਸਕ੍ਰਿਤ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਇਸ ਦੇ ਨਾਲ ਹੀ ਮਾਤਾ ਮਨਸਾ ਦੇਵੀ ਦੇ ਇਸੇ ਪਵਿੱਤਰ ਕੰਪਲੈਕਸ ਵਿੱਚ ਸਰਕਾਰੀ ਸੰਸਕ੍ਰਿਤ ਕਾਲਜ ਖੋਲ੍ਹਿਆ ਗਿਆ ਹੈ, ਜਿਸ ਦੀ ਇਮਾਰਤ ਦਾ ਨਿਰਮਾਣ 22 ਕਰੋੜ 19 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 'ਹਰਿਆਣਾ ਸਾਹਿਤ ਅਤੇ ਸੱਭਿਆਚਾਰ ਅਕਾਦਮੀ' ਦੇ ਸੰਸਕ੍ਰਿਤ ਸੈੱਲ ਰਾਹੀਂ ਵਿਦਵਾਨਾਂ ਅਤੇ ਸਾਹਿਤਕਾਰਾਂ ਨੂੰ ਵੱਕਾਰੀ ਸਨਮਾਨ ਰਾਸ਼ੀ, ਖਰੜਾ ਪ੍ਰਕਾਸ਼ਨ ਗ੍ਰਾਂਟ ਅਤੇ ਸੂਬੇ ਭਰ ਵਿੱਚ ਸੰਸਕ੍ਰਿਤ ਗਿਆਨ-ਵਿਗਿਆਨ ਦੇ ਸੈਮੀਨਾਰਾਂ ਤੇ ਭਾਸ਼ਣ ਕੈਂਪਾਂ ਦਾ ਨਿਯਮਤ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸ਼ਾਸਤਰੀ ਅਤੇ ਅਚਾਰੀਆ ਕੋਰਸਾਂ ਦੀਆਂ ਪ੍ਰੀਖਿਆਵਾਂ ਵਿੱਚ 60 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਜ਼ੀਫ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸੰਸਕ੍ਰਿਤ ਸੈੱਲ ਵੱਲੋਂ 'ਹਰਿਪ੍ਰਭਾ' ਖੋਜ-ਪੱਤ੍ਰਿਕਾ ਦਾ ਨਿਯਮਤ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ। ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਗੀਤਾ ਜੈਅੰਤੀ ਮਹੋਤਸਵ ਨੂੰ ਅੰਤਰਰਾਸ਼ਟਰੀ ਸਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਸਮਾਜ ਦੀਆਂ ਜੜ੍ਹਾਂ ਆਪਣੇ ਸੱਭਿਆਚਾਰ ਵਿੱਚ ਡੂੰਘੀਆਂ ਹੁੰਦੀਆਂ ਹਨ, ਉਹੀ ਸਮਾਜ ਵਿਕਾਸ ਦੇ ਆਸਮਾਨ ਵਿੱਚ ਸਭ ਤੋਂ ਉੱਚੀ ਉਡਾਣ ਭਰ ਸਕਦਾ ਹੈ।
ਗੁਰੂਕੁਲ ਦੇ ਸੰਸਥਾਪਕ ਅਚਾਰੀਆ ਸਵਾਮੀ ਪ੍ਰਸਾਦ ਮਿਸ਼ਰਾ ਨੇ ਕਿਹਾ ਕਿ ਗੁਰੂਕੁਲ ਦਾ ਅਰਥ ਹੈ 'ਗੁਰੂ ਦਾ ਕੁੱਲ'। ਗੁਰੂ ਉਹ ਹੁੰਦਾ ਹੈ, ਜੋ ਚੇਲੇ ਨੂੰ ਅਗਿਆਨ ਰੂਪੀ ਹਨੇਰੇ ਤੋਂ ਗਿਆਨ ਰੂਪੀ ਪ੍ਰਕਾਸ਼ ਵੱਲ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂਕੁਲ ਤੋਂ ਸਿੱਖਿਆ ਪ੍ਰਾਪਤ ਕਰਕੇ 460 ਤੋਂ ਵੱਧ ਵਿਦਿਆਰਥੀ ਸਰਕਾਰੀ ਖੇਤਰ ਵਿੱਚ ਉੱਚ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦੇਣ ਦੇ ਨਾਲ-ਨਾਲ ਦੇਸ਼-ਵਿਦੇਸ਼ ਵਿੱਚ ਭਾਰਤੀ ਸੱਭਿਆਚਾਰ ਦੀ ਗੌਰਵਮਈ ਪਰੰਪਰਾ ਦਾ ਪਰਚਮ ਲਹਿਰਾ ਰਹੇ ਹਨ।
ਉਨ੍ਹਾਂ ਕਿਹਾ ਕਿ ਗੁਰੂਕੁਲ ਵਿਦਿਅਕ ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਤਮ-ਨਿਰਭਰ ਬਣਾਉਣਾ, ਉਨ੍ਹਾਂ ਵਿੱਚ ਸੇਵਾ ਅਤੇ ਸਮਰਪਣ ਦੀ ਭਾਵਨਾ ਵਿਕਸਤ ਕਰਨਾ ਅਤੇ ਸਮਾਜ ਸੇਵਾ ਰਾਹੀਂ ਦੇਸ਼ ਦੇ ਨਵ-ਨਿਰਮਾਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਯਕੀਨੀ ਬਣਾਉਣਾ ਹੈ।
ਸਵਾਮੀ ਪ੍ਰਸਾਦ ਮਿਸ਼ਰਾ ਨੇ ਕਿਹਾ ਕਿ ਸੰਸਕ੍ਰਿਤ ਭਾਸ਼ਾ ਭਾਰਤੀ ਸੱਭਿਆਚਾਰ ਅਤੇ ਸੱਭਿਅਤਾ ਦਾ ਆਧਾਰ ਹੈ ਅਤੇ ਇਹ ਸਮਾਜ ਲਈ ਪ੍ਰਾਣਵਾਯੂ ਦੇ ਸਮਾਨ ਹੈ। ਉਨ੍ਹਾਂ ਲੋਕਾਂ ਨੂੰ ਸੰਸਕ੍ਰਿਤ ਭਾਸ਼ਾ ਦੀ ਸੰਭਾਲ, ਪ੍ਰਫੁੱਲਤਾ ਅਤੇ ਪ੍ਰਚਾਰ-ਪ੍ਰਸਾਰ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਚਕੂਲਾ ਸਥਿਤ ਗੁਰੂਕੁਲ ਦੀ ਤਰਜ਼ 'ਤੇ ਹੋਰ ਜ਼ਿਲ੍ਹਿਆਂ, ਸੂਬਿਆਂ ਅਤੇ ਦੇਸ਼ ਭਰ ਵਿੱਚ ਵੀ ਗੁਰੂਕੁਲਾਂ ਦੀ ਸਥਾਪਨਾ ਹੋਣੀ ਚਾਹੀਦੀ ਹੈ, ਤਾਂ ਜੋ ਭਾਰਤੀ ਗਿਆਨ ਪਰੰਪਰਾ ਅਤੇ ਸੰਸਕਾਰਾਂ ਦਾ ਵਿਆਪਕ ਪ੍ਰਸਾਰ ਹੋ ਸਕੇ।
ਇਸ ਮੌਕੇ ਹਰਿਆਣਾ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਬੰਤੋ ਕਟਾਰੀਆ, ਮੇਅਰ ਸ੍ਰੀ ਸ਼ਿਆਮ ਲਾਲ ਬਾਂਸਲ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਅਜੇ ਮਿੱਤਲ, ਸ੍ਰੀ ਮਾਤਾ ਮਨਸਾ ਦੇਵੀ ਪੂਜਾ ਸਥਲ ਬੋਰਡ ਦੀ ਸਕੱਤਰ ਸ੍ਰੀਮਤੀ ਸ਼ਾਰਦਾ ਪ੍ਰਜਾਪਤੀ, ਕਾਲੀ ਮਾਤਾ ਮੰਦਰ ਕਾਲਕਾ ਦੇ ਸਕੱਤਰ ਸ੍ਰੀ ਪ੍ਰਿਥਵੀ ਰਾਜ ਸਮੇਤ ਸ੍ਰੀ ਈਸ਼ਵਰ ਚੰਦਰ ਜਿੰਦਲ, ਗੁਰੂਕੁਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ੍ਰੀ ਦਿਨੇਸ਼ ਸਿੰਗਲਾ, ਪ੍ਰਧਾਨ ਸ੍ਰੀ ਮੁਕੁਲ ਬਾਂਸਲ, ਮੀਤ ਪ੍ਰਧਾਨ ਸ੍ਰੀ ਰਾਕੇਸ਼ ਬਾਂਸਲ, ਸਕੱਤਰ ਸ੍ਰੀ ਜੈਕਿਸ਼ਨ ਸਿੰਗਲ, ਖਜ਼ਾਨਚੀ ਸ੍ਰੀ ਜਨਕਰਾਜ ਗੁਪਤਾ ਅਤੇ ਗੁਰੂਕੁਲ ਪ੍ਰਬੰਧਕ ਕਮੇਟੀ ਦੇ ਹੋਰ ਅਹੁਦੇਦਾਰ, ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।
