ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਈ ਜਾ ਰਹੀ ਫੁੱਟਬਾਲ ਕਲੱਬਾਂ ਦੀ ਵੱਕਾਰੀ ਇੰਡੀਅਨ ਸੁਪਰ ਫੁੱਟਬਾਲ ਲੀਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਅਤੇ ਪਿੰਡ ਮੁੱਗੋਵਾਲ ਦੇ ਵਸਨੀਕ ਹਰਮਨਦੀਪ ਸਿੰਘ ਵੱਲੋਂ ਚੇਨਈ ਕਲੱਬ ਦੀ ਨੁਮਾਇੰਦਗੀ ਕਰਨ ’ਤੇ ਕਾਲਜ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।
ਇਸ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਪਰਵਿੰਦਰ ਸਿੰਘ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਾਜ ਕੁਮਾਰ, ਕੋਚ ਹਰਿੰਦਰ ਸਨੀ, ਡਾ. ਜਤਿੰਦਰ ਕੁਮਾਰ, ਸੇਵਾਮੁਕਤ ਡੀਐਸਪੀ ਪਰਮਜੀਤ ਸਿੰਘ ਅਤੇ ਸਮੂਹ ਸਟਾਫ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਹਰਮਨਦੀਪ ਸਿੰਘ ਕਾਲਜ ਦੀ ਟੀਮ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਹੁਣ ਦੇਸ਼ ਦੇ ਚੋਟੀ ਦੇ ਫੁੱਟਬਾਲ ਕਲੱਬ ਵੱਲੋਂ ਖੇਡਣਾ ਸੰਸਥਾ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਪਿੰਡ ਮੁੱਗੋਵਾਲ ਦੀ ਫੁੱਟਬਾਲ ਖਿਡਾਰਨ ਮਨੀਸ਼ਾ ਪਹਿਲਾਂ ਹੀ ਦੇਸ਼-ਵਿਦੇਸ਼ ਵਿੱਚ ਆਪਣੇ ਪਿੰਡ ਅਤੇ ਮਾਹਿਲਪੁਰ ਇਲਾਕੇ ਦਾ ਨਾਮ ਰੌਸ਼ਨ ਕਰ ਚੁੱਕੀ ਹੈ। ਹੁਣ ਹਰਮਨਦੀਪ ਸਿੰਘ ਨੇ ਵੀ ਆਪਣੀ ਖੇਡ ਪ੍ਰਤਿਭਾ ਨਾਲ ਭਾਰਤ ਦੇ ਨਕਸ਼ੇ ’ਤੇ ਮਾਹਿਲਪੁਰ ਦਾ ਨਾਮ ਮੁੜ ਚਮਕਾਇਆ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਹਰਮਨਦੀਪ ਸਿੰਘ ਦੀ ਮਿਹਨਤ ਅਤੇ ਉਸ ਦੇ ਕੋਚਾਂ ਨੂੰ ਦਿੱਤਾ।
ਡਾ. ਪਰਵਿੰਦਰ ਸਿੰਘ ਨੇ ਦੱਸਿਆ ਕਿ ਹਰਮਨਦੀਪ ਸਿੰਘ ਦੇ ਪੰਜਾਬ ਪਰਤਣ ’ਤੇ ਖਾਲਸਾ ਕਾਲਜ ਮਾਹਿਲਪੁਰ ਦੀ ਪ੍ਰਬੰਧਕ ਕਮੇਟੀ ਅਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਉਸ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਾਜ ਕੁਮਾਰ ਨੇ ਕਿਹਾ ਕਿ ਹਰਮਨਦੀਪ ਸਿੰਘ ਕਾਲਜ ਦੀ ਅਕੈਡਮੀ ਦਾ ਵੀ ਪ੍ਰਮੁੱਖ ਖਿਡਾਰੀ ਰਿਹਾ ਹੈ ਅਤੇ ਮਿਡਫੀਲਡਰ ਵਜੋਂ ਆਪਣੀ ਸ਼ਾਨਦਾਰ ਖੇਡ ਦੇ ਦਮ ’ਤੇ ਲਗਾਤਾਰ ਅੱਗੇ ਵਧ ਰਿਹਾ ਹੈ।
ਇਸ ਮੌਕੇ ਹਾਜ਼ਰ ਅਧਿਆਪਕਾਂ ਪ੍ਰੋ. ਪ੍ਰਿਆ, ਪ੍ਰੋ. ਅਨੁਦੀਪ, ਪ੍ਰੋ. ਸਿਮਰਨਜੀਤ ਸਿੰਘ ਅਤੇ ਪ੍ਰੋ. ਰੋਹਿਤ ਪੁਰੀ ਨੇ ਵੀ ਹਰਮਨਦੀਪ ਸਿੰਘ ਨੂੰ ਵਧਾਈ ਦਿੱਤੀ ਅਤੇ ਉਸ ਦੀ ਸਫਲਤਾ ਦੀ ਕਾਮਨਾ ਕੀਤੀ।
