ਨਵਾਂਸ਼ਹਿਰ, 27 ਨਵੰਬਰ (ਜਤਿੰਦਰਪਾਲ ਸਿੰਘ ਕਲੇਰ) :- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਸ਼ਾਮ 8:00 ਵਜੇ ਤੋਂ 8:15 ਵਜੇ ਤੱਕ ਜ਼ਿਲ੍ਹੇ ਅੰਦਰ ਬਲੈਕਆਊਟ ਕਰਕੇ ਸਾਲ 2026 ਦੀ ਦੂਜੀ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ ਸਫਲਤਾਪੂਰਵਕ ਕਰਵਾਈ ਗਈ। ਇਸ ਮੌਕ ਡਰਿੱਲ ਦਾ ਮਕਸਦ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਤਿਆਰੀ ਨੂੰ ਪਰਖਣਾ ਸੀ।
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਠੀਕ 8:00 ਵਜੇ ਸਾਇਰਨ ਵੱਜਣ ਉਪਰੰਤ ਪੂਰੇ ਜ਼ਿਲ੍ਹੇ ਵਿੱਚ 15 ਮਿੰਟ ਲਈ ਬਲੈਕਆਊਟ ਕੀਤਾ ਗਿਆ। ਇਸ ਦੌਰਾਨ ਲੋਕਾਂ ਵੱਲੋਂ ਘਰਾਂ, ਦੁਕਾਨਾਂ ਅਤੇ ਹੋਰ ਅਦਾਰਿਆਂ ਦੀਆਂ ਲਾਈਟਾਂ ਬੰਦ ਰੱਖ ਕੇ ਪੂਰਾ ਸਹਿਯੋਗ ਦਿੱਤਾ ਗਿਆ। 8:15 ਵਜੇ ਦੂਜਾ ਸਾਇਰਨ ਵੱਜਣ ਨਾਲ ਬਲੈਕਆਊਟ ਸਮਾਪਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਕ ਡਰਿੱਲ ਦੌਰਾਨ ਸਿਵਲ ਪ੍ਰਸ਼ਾਸਨ, ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਵੱਲੋਂ ਖੋਜ ਤੇ ਬਚਾਅ ਕਾਰਜਾਂ, ਮੁੱਢਲੀ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਅਤੇ ਭੀੜ ਕੰਟਰੋਲ ਕਰਨ ਦਾ ਅਭਿਆਸ ਕੀਤਾ ਗਿਆ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਵੱਲੋਂ ਮੌਕ ਡਰਿੱਲ ਦੌਰਾਨ ਦਿੱਤੇ ਗਏ ਭਰਪੂਰ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀ ਜਾਗਰੂਕਤਾ ਅਤੇ ਸਹਿਯੋਗ ਨਾਲ ਹੀ ਕਿਸੇ ਵੀ ਐਮਰਜੈਂਸੀ ਸਥਿਤੀ ਦਾ ਟਾਕਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਰੁਟੀਨ ਅਭਿਆਸ ਸੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਡਰਿੱਲਾਂ ਰਾਹੀਂ ਪ੍ਰਸ਼ਾਸਨ ਦੀ ਤਿਆਰੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਸ ਮੌਕੇ ਉਪ ਮੰਡਲ ਮਜਿਸਟਰੇਟ (ਐਸਡੀਐਮ) ਨਵਾਂਸ਼ਹਿਰ ਕੁਲਦੀਪ ਚੰਦ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।