ਚੰਡੀਗੜ੍ਹ (ਹਰਮਿੰਦਰ ਨਾਗਪਾਲ):- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਕਲਾਗ੍ਰਾਮ, ਚੰਡੀਗੜ੍ਹ ਵਿਖੇ ਰਵਾਇਤੀ ਨਗਾੜਾ ਵਜਾ ਕੇ 16ਵੇਂ ਚੰਡੀਗੜ੍ਹ ਰਾਸ਼ਟਰੀ ਕਰਾਫਟ ਮੇਲੇ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਪ੍ਰਸ਼ਾਸਕ ਦੇ ਨਾਲ ਚੰਡੀਗੜ੍ਹ ਦੇ ਮੁੱਖ ਸਕੱਤਰ ਸ੍ਰੀ ਹਿਰੀਦਕਾ ਰਾਜੇਸ਼ ਪ੍ਰਸਾਦ, ਪੰਜਾਬ ਦੇ ਰਾਜਪਾਲ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਵੇਕ ਪ੍ਰਤਾਪ ਸਿੰਘ, ਸਕੱਤਰ ਸੱਭਿਆਚਾਰਕ ਮਾਮਲੇ ਡਾ. ਸੱਯਦ ਆਬਿਦ ਰਸ਼ੀਦ ਸ਼ਾਹ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (NZCC), ਪਟਿਆਲਾ ਦੇ ਡਾਇਰੈਕਟਰ ਸ੍ਰੀ ਅਸ਼ਵਿਨ ਮਹੇਸ਼ ਦਲਵੀ ਅਤੇ ਡਾਇਰੈਕਟਰ ਸੱਭਿਆਚਾਰਕ ਮਾਮਲੇ ਸ੍ਰੀ ਨਵੀਨ ਵੀ ਮੌਜੂਦ ਸਨ।

ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (NZCC), ਪਟਿਆਲਾ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾ ਰਿਹਾ ਇਹ 10 ਰੋਜ਼ਾ ਮੇਲਾ 27 ਨਵੰਬਰ ਤੋਂ 6 ਦਸੰਬਰ, 2026 ਤੱਕ ਚੱਲੇਗਾ। ਮੇਲੇ ਵਿੱਚ 25 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਗਭਗ 225 ਦਸਤਕਾਰ ਅਤੇ 250 ਤੋਂ ਵੱਧ ਲੋਕ ਕਲਾਕਾਰ ਆਪਣੀ ਰਵਾਇਤੀ ਕਲਾ, ਦਸਤਕਾਰੀ, ਸੰਗੀਤ ਅਤੇ ਨਾਚ ਦੀਆਂ ਪੇਸ਼ਕਾਰੀਆਂ ਕਰ ਰਹੇ ਹਨ। ਇਸ ਸਾਲ ਮੇਲੇ ਦਾ ਵਿਸ਼ਾ ‘ਚੰਡੀਗੜ੍ਹ: ਸੱਭਿਆਚਾਰਾਂ ਦਾ ਸੰਗਮ’ ਰੱਖਿਆ ਗਿਆ ਹੈ, ਜੋ ਸ਼ਹਿਰ ਦੀ ਵਿਭਿੰਨ ਸੱਭਿਆਚਾਰਕ ਪਛਾਣ ਅਤੇ ਵੱਖ-ਵੱਖ ਪਰੰਪਰਾਵਾਂ ਦੇ ਸੁਮੇਲ ਨੂੰ ਦਰਸਾਉਂਦਾ ਹੈ। ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਰਵਾਇਤੀ ਪਕਵਾਨ ਵੀ ਖਿੱਚ ਦਾ ਕੇਂਦਰ ਹਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸ਼ਾਸਕ ਨੇ ਦਸਤਕਾਰਾਂ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਰਖਵਾਲਾ ਦੱਸਦਿਆਂ ਕਿਹਾ ਕਿ ਉਹ ਆਪਣੀ ਕਲਾ ਅਤੇ ਹੁਨਰ ਰਾਹੀਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 1980 ਦੇ ਦਹਾਕੇ ਵਿੱਚ ਖੇਤਰੀ ਸੱਭਿਆਚਾਰਕ ਕੇਂਦਰਾਂ ਦੀ ਸਥਾਪਨਾ ਕੀਤੀ ਸੀ। ਚੰਡੀਗੜ੍ਹ ਨੂੰ ‘ਮਿੰਨੀ ਇੰਡੀਆ’ ਦੱਸਦਿਆਂ ਉਨ੍ਹਾਂ ਕਿਹਾ ਕਿ ਇੱਥੇ ਵੱਖ-ਵੱਖ ਰਾਜਾਂ ਅਤੇ ਖੇਤਰਾਂ ਦੇ ਲੋਕ ਆਪਸੀ ਸਦਭਾਵਨਾ ਨਾਲ ਰਹਿੰਦੇ ਹਨ, ਜੋ ‘ਏਕ ਭਾਰਤ ਸ੍ਰੇਸ਼ਠ ਭਾਰਤ’ ਅਤੇ ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ।

‘ਵੋਕਲ ਫਾਰ ਲੋਕਲ’ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਪ੍ਰਸ਼ਾਸਕ ਨੇ ਨਾਗਰਿਕਾਂ ਨੂੰ ਤਿਉਹਾਰਾਂ, ਤੋਹਫ਼ਿਆਂ ਅਤੇ ਰੋਜ਼ਾਨਾ ਵਰਤੋਂ ਲਈ ਸਥਾਨਕ ਦਸਤਕਾਰਾਂ ਵੱਲੋਂ ਤਿਆਰ ਕੀਤੇ ਹੱਥੀਂ ਬਣੇ ਉਤਪਾਦਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਸਤਕਾਰਾਂ ਨੂੰ ਆਪਣੀ ਕਲਾ ਦਾ ਉਚਿਤ ਮੁੱਲ, ਬਿਹਤਰ ਬਾਜ਼ਾਰ ਅਤੇ ਸਨਮਾਨਜਨਕ ਰੋਜ਼ੀ-ਰੋਟੀ ਦੇ ਮੌਕੇ ਮਿਲਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਅਤੇ ‘ਵਨ ਡਿਸਟ੍ਰਿਕਟ ਵਨ ਪ੍ਰੋਡਕਟ’ ਪਹਿਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਰਾਹੀਂ ਰਵਾਇਤੀ ਦਸਤਕਾਰਾਂ ਨੂੰ ਹੁਨਰ ਸਿਖਲਾਈ, ਆਧੁਨਿਕ ਸੰਦ, ਵਿੱਤੀ ਸਹਾਇਤਾ ਅਤੇ ਆਪਣੇ ਉਤਪਾਦਾਂ ਦੇ ਪ੍ਰਚਾਰ-ਪ੍ਰਸਾਰ ਦੇ ਮੌਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਰਵਾਇਤੀ ਦਸਤਕਾਰੀ ਨੂੰ ਆਧੁਨਿਕ ਡਿਜ਼ਾਈਨ, ਡਿਜੀਟਲ ਭੁਗਤਾਨ ਅਤੇ ਆਨਲਾਈਨ ਵਿਕਰੀ ਨਾਲ ਜੋੜਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਅਤੇ ਸਥਾਨਕ ਉਤਪਾਦ ਦੇਸ਼-ਵਿਦੇਸ਼ ਦੇ ਬਾਜ਼ਾਰਾਂ ਤੱਕ ਪਹੁੰਚ ਸਕਣ। ਇਸ ਦੇ ਨਾਲ ਹੀ ਰਵਾਇਤੀ ਕਲਾਵਾਂ ਦੀ ਮੌਲਿਕਤਾ ਕਾਇਮ ਰੱਖਣਾ ਵੀ ਜ਼ਰੂਰੀ ਹੈ।

ਪ੍ਰਸ਼ਾਸਕ ਨੇ ਨੌਜਵਾਨਾਂ ਨੂੰ ਰਵਾਇਤੀ ਕਲਾ ਅਤੇ ਦਸਤਕਾਰੀ ਨਾਲ ਜੋੜਨ ਲਈ ਸਕੂਲਾਂ ਅਤੇ ਕਾਲਜਾਂ ਵਿੱਚ ਵਰਕਸ਼ਾਪਾਂ ਕਰਵਾਉਣ ਅਤੇ ਤਜਰਬੇਕਾਰ ਦਸਤਕਾਰਾਂ ਤੇ ਨੌਜਵਾਨ ਡਿਜ਼ਾਈਨਰਾਂ ਵਿਚਕਾਰ ਵਿਚਾਰ-ਵਟਾਂਦਰੇ ਅਤੇ ਸਹਿਯੋਗ ਨੂੰ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਚੰਡੀਗੜ੍ਹ ਪ੍ਰਸ਼ਾਸਨ ਕਲਾ, ਸੱਭਿਆਚਾਰ ਅਤੇ ਦਸਤਕਾਰਾਂ ਦੀ ਭਲਾਈ ਨਾਲ ਜੁੜੀਆਂ ਪਹਿਲਕਦਮੀਆਂ ਨੂੰ ਲਗਾਤਾਰ ਉਤਸ਼ਾਹਿਤ ਕਰਦਾ ਰਹੇਗਾ। ਉਨ੍ਹਾਂ ਕਲਾਗ੍ਰਾਮ ਦੀ ਪੂਰੇ ਸਾਲ ਬਿਹਤਰ ਵਰਤੋਂ ਯਕੀਨੀ ਬਣਾਉਣ ਲਈ ਇੱਥੇ ਵੱਖ-ਵੱਖ ਸੱਭਿਆਚਾਰਕ ਅਤੇ ਕਲਾਤਮਕ ਪ੍ਰੋਗਰਾਮ ਕਰਵਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਇਹ ਸਥਾਨ ਸਾਲ ਭਰ ਸੱਭਿਆਚਾਰਕ ਗਤੀਵਿਧੀਆਂ ਦਾ ਜੀਵੰਤ ਕੇਂਦਰ ਬਣਿਆ ਰਹੇ।

ਮੇਲੇ ਦੀ ਉਦਘਾਟਨੀ ਸ਼ਾਮ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਨਾਚਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਸਾਧਵੀ ਪੂਰਨਿਮਾ (ਪੂਨਮ ਦੀਦੀ ਬਰਸਾਨੇ ਵਾਲੇ) ਨੇ ‘ਭਗਤੀ ਸ਼ਕਤੀ ਸੰਗੀਤ’ ਦੀ ਪੇਸ਼ਕਾਰੀ ਦਿੱਤੀ। ਮੇਲੇ ਦੌਰਾਨ ਸੂਫ਼ੀ, ਪੰਜਾਬੀ, ਹਰਿਆਣਵੀ, ਉੱਤਰਾਖੰਡੀ, ਕਸ਼ਮੀਰੀ ਅਤੇ ਹਿਮਾਚਲੀ ਸੰਗੀਤਕ ਸ਼ਾਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਲਖਵਿੰਦਰ ਵਡਾਲੀ, ਆਰ. ਨਾਇਟ, ਸੋਮਵੀਰ ਕਥੂਰਵਾਲ, ਆਭਾ ਹੰਜੂਰਾ, ਗਗਨ ਕੋਕਰੀ ਅਤੇ ਪ੍ਰਭ ਗਿੱਲ ਸਮੇਤ ਕਈ ਪ੍ਰਸਿੱਧ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਦੇਣਗੇ।