ਹੁਸ਼ਿਆਰਪੁਰ (ਪੈਗਾਮ-ਏ-ਜਗਤ):- ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਵਿੱਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡ੍ਰਿੱਲ ਸਫਲਤਾਪੂਰਵਕ ਸੰਪੰਨ ਹੋਈ। ਇਹ ਅਭਿਆਸ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਕਰਵਾਇਆ ਗਿਆ, ਜਿਸ ਦਾ ਉਦੇਸ਼ ਐਮਰਜੈਂਸੀ ਹਾਲਾਤ ਦੌਰਾਨ ਪ੍ਰਸ਼ਾਸਨਿਕ ਤਿਆਰੀਆਂ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਦਾ ਮੁਲਾਂਕਣ ਕਰਨਾ ਸੀ।

ਮੌਕ ਡ੍ਰਿੱਲ ਰਾਤ 8 ਵਜੇ ਡੀ.ਏ.ਵੀ. ਕਾਲਜ ਵਿਖੇ ਲਾਲ ਸਿਗਨਲ ਨਾਲ ਸ਼ੁਰੂ ਹੋਈ। ਇਸ ਤਹਿਤ ਸ਼ਾਮ 7:58 ਵਜੇ ਦੋ ਮਿੰਟ ਤੱਕ ਸਾਇਰਨ ਵਜਾਏ ਗਏ। ਪਾਵਰਕਾਮ ਵਿਭਾਗ ਵੱਲੋਂ ਰਾਤ 8 ਵਜੇ ਤੋਂ 8:15 ਵਜੇ ਤੱਕ ਬਲੈਕਆਊਟ ਲਾਗੂ ਕੀਤਾ ਗਿਆ।

ਇਸ ਅਭਿਆਸ ਦੌਰਾਨ ਪੁਲਿਸ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੇ ਆਪਸੀ ਤਾਲਮੇਲ ਨਾਲ ਕੰਮ ਕੀਤਾ। ਜ਼ਰੂਰੀ ਸੇਵਾਵਾਂ ਬੰਦ ਰੱਖੀਆਂ ਗਈਆਂ ਅਤੇ ਖ਼ਤਰਾ ਟਲਣ ਤੋਂ ਬਾਅਦ ਗ੍ਰੀਨ ਸਿਗਨਲ ਜਾਰੀ ਕੀਤਾ ਗਿਆ।

ਫਾਇਰ ਬ੍ਰਿਗੇਡ, ਸਿਵਲ ਸਰਜਨ ਅਤੇ ਹੋਮ ਗਾਰਡਜ਼ ਵੱਲੋਂ ਐਮਰਜੈਂਸੀ ਬਚਾਅ ਕਾਰਜਾਂ ਦਾ ਪ੍ਰਦਰਸ਼ਨ ਕੀਤਾ ਗਿਆ। ਤਹਿਸੀਲਦਾਰ ਬੀਰ ਕਰਨ ਸਿੰਘ ਨੇ ਦੱਸਿਆ ਕਿ ਮੌਕ ਡ੍ਰਿੱਲ ਸਫਲ ਰਹੀ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਦਾ ਮੁਲਾਂਕਣ ਕੀਤਾ ਗਿਆ।

ਇਸ ਮੌਕੇ ਸਿਵਲ ਡਿਫੈਂਸ ਦੇ ਚੀਫ ਵਾਰਡਨ ਐਡਵੋਕੇਟ ਲੋਕੇਸ਼ ਪੁਰੀ ਅਤੇ ਡਿਪਟੀ ਚੀਫ ਵਾਰਡਨ ਪ੍ਰਮੋਦ ਸ਼ਰਮਾ ਨੇ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਮੌਜੂਦਗੀ ਵਿੱਚ ਇਸ ਸਮਾਗਮ ਦਾ ਸੰਚਾਲਨ ਕੀਤਾ।