ਫਿਲੌਰ, 26 ਨਵੰਬਰ 2026 (ਕੁਲਵਰਨ ਸਿੰਘ ਸਿੱਧੂ):- ਸੰਵਿਧਾਨ ਦਿਵਸ ਰੈਲੀ ਅਤੇ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਫਿਲੌਰ ਵਿੱਚ ਰੈਲੀ ਕੀਤੀ ਗਈ। ਇਸ ਵਿੱਚ ਬਸਪਾ ਦੇ ਰਾਸ਼ਟਰੀ ਕਨਵੀਨਰ ਆਕਾਸ਼ ਆਨੰਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰੈਲੀ ਦੀ ਪ੍ਰਧਾਨਗੀ ਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ ਅਤੇ ਉਨ੍ਹਾਂ ਨੇ ਸਾਰਿਆਂ ਦਾ ਸਵਾਗਤ ਕੀਤਾ। ਇਸ ਮੌਕੇ ਇੰਜੀਨੀਅਰ ਰਾਮ ਜੀ ਗੌਤਮ, ਚੀਫ਼ ਸੈਕਟਰ ਇੰਚਾਰਜ; ਐਡਵੋਕੇਟ ਦਿਨੇਸ਼ ਰਾਓ, ਇੰਚਾਰਜ ਭਰਵਾਰੀ; ਵਿਪਿਨ ਕੁਮਾਰ ਭਰਵਾਰੀ; ਡਾ. ਨਛੱਤਰ ਪਾਲ, ਵਿਧਾਇਕ ਨਵਾਂਸ਼ਹਿਰ; ਐਡਵੋਕੇਟ ਬਲਵਿੰਦਰ ਸਿੰਘ, ਜਨਰਲ ਸਕੱਤਰ ਪੰਜਾਬ; ਲਾਲ ਸਿੰਘ ਸੁਲਹਾਨੀ; ਚੌਧਰੀ ਗੁਰਨਾਮ ਸਿੰਘ ਕੋਟ ਫਤੂਹੀ; ਖੁਸ਼ੀ ਰਾਮ ਫਿਲੌਰ; ਬਲਦੇਵ ਸਿੰਘ ਮੈਂਬਰਾਂ; ਸੰਤੋਖ ਸਿੰਘ ਸਰਦੂਲਗੜ੍ਹ ਅਤੇ ਹੋਰ ਕਈ ਪਾਰਟੀ ਅਹੁਦੇਦਾਰ ਤੇ ਵਰਕਰ ਹਾਜ਼ਰ ਰਹੇ।

ਸਭਾ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਨੌਂ ਲੱਖ ਏਕੜ ਸਰਕਾਰੀ ਜ਼ਮੀਨ ਪਈ ਹੈ, ਜਿਸ ਨੂੰ ਸੂਬੇ ਵਿੱਚ ਬਸਪਾ ਦੀ ਸਰਕਾਰ ਬਣਨ 'ਤੇ ਗਰੀਬਾਂ ਵਿੱਚ ਵੰਡਿਆ ਜਾਵੇਗਾ।

ਬਸਪਾ ਦੇ ਰਾਸ਼ਟਰੀ ਕਨਵੀਨਰ ਆਕਾਸ਼ ਆਨੰਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਚਾਬੀ ਦਿੱਲੀ ਵਿੱਚ ਬੈਠੇ ਆਗੂਆਂ ਦੇ ਹੱਥਾਂ ਵਿੱਚ ਹੈ। ਇਸੇ ਤਰ੍ਹਾਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਚਾਬੀ ਵੀ ਦਿੱਲੀ ਦੇ ਆਗੂਆਂ ਕੋਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਗਵੰਤ ਮਾਨ ਨਸ਼ਿਆਂ ਨੂੰ ਰੋਕਣ ਵਿੱਚ ਹੋਰ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਅਸਫਲ ਰਹੇ ਹਨ। ਪੰਜਾਬ ਸਰਕਾਰ ਨੇ ਸੂਬੇ ਨੂੰ ਕਰਜ਼ੇ ਵਿੱਚ ਡੁਬੋ ਦਿੱਤਾ ਹੈ।

ਰੈਲੀ ਵਿੱਚ ਮਿਸ਼ਨਰੀ ਕਲਾਕਾਰਾਂ ਗਿੰਨੀ ਮਾਹੀ, ਹਰਨਾੰਮ ਸਿੰਘ ਬਹਲਪੁਰੀ, ਐਸ.ਐਸ. ਆਜ਼ਾਦ, ਰੂਪ ਲਾਲ ਧੀਰ, ਬਲਵਿੰਦਰ ਬਿੱਟੂ ਅਤੇ ਪ੍ਰਿਆ ਬੰਗਾ ਨੇ ਵੀ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ।

ਪ੍ਰਬੰਧਕਾਂ ਨੇ ਜਿੰਨੇ ਲੋਕਾਂ ਦੇ ਆਉਣ ਦਾ ਪ੍ਰਬੰਧ ਕੀਤਾ ਸੀ, ਉਸ ਤੋਂ ਪੰਜ ਗੁਣਾ ਵੱਧ ਲੋਕ ਰੈਲੀ ਵਿੱਚ ਪਹੁੰਚੇ। ਇਕੱਠ ਦੀ ਗਿਣਤੀ ਲਗਭਗ 20 ਤੋਂ 25 ਹਜ਼ਾਰ ਤੱਕ ਪਹੁੰਚ ਗਈ। ਇਸ ਰੈਲੀ ਨੇ ਵਿਰੋਧੀ ਪਾਰਟੀਆਂ ਦੀ ਨੀਂਦ ਉਡਾ ਦਿੱਤੀ।