ਹਰੋਲੀ/ਊਨਾ, 29 ਨਵੰਬਰ (ਰਾਜਵੀਰ ਚੋਪੜਾ):- ਬੀਤ ਇਲਾਕੇ ਦਾ ਪ੍ਰਸਿੱਧ ਮੇਲਾ, ਜੋ ਕਿ ‘ਦਾਲ ਮਾਹਾਂ ਦੀ ਛਿੰਝ ਛਰਾਹਾਂ’ ਦੀ ਰਵਾਇਤੀ ਅਖਾਣ ਨਾਲ ਜਾਣਿਆ ਜਾਂਦਾ ਹੈ, ਪਿੰਡ ਅਚਲਪੁਰ ਬੀਤ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਰਵਾਇਆ ਗਿਆ। ਬੀਤ ਭਲਾਈ ਕਮੇਟੀ ਵੱਲੋਂ ਮੇਲੇ ਦੇ ਸੁਚੱਜੇ ਪ੍ਰਬੰਧ ਕੀਤੇ ਗਏ। ਮੇਲੇ ਦੀ ਰੌਣਕ ਦੇਖਣ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ। ਇਸ ਮੌਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਬੀਤ ਭਲਾਈ ਕਮੇਟੀ ਵੱਲੋਂ ਕਬੱਡੀ ਅਤੇ ਵਾਲੀਬਾਲ ਦੇ ਮੈਚ ਵੀ ਕਰਵਾਏ ਗਏ।

ਇਸ ਮੌਕੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਜੀ ਨੇ ਛਿੰਝ ਮੇਲੇ ਵਿੱਚ ਪਹੁੰਚ ਕੇ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੈਂਕੜੇ ਸਾਲ ਬੀਤ ਜਾਣ ਤੋਂ ਬਾਅਦ ਵੀ ਇਹ ਮੇਲਾ ਅੱਜ ਵੀ ਨਵਾਂ ਅਤੇ ਰੌਣਕ ਭਰਿਆ ਮਹਿਸੂਸ ਹੁੰਦਾ ਹੈ। ਲੋਕ ਇੱਥੇ ਆ ਕੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੇ ਹਨ। ਮੇਲੇ ਵਿੱਚ ਘਰਾਂ ਵਿੱਚ ਵਰਤੋਂ ਹੋਣ ਵਾਲਾ ਸਾਜ਼ੋ-ਸਾਮਾਨ, ਮਿੱਟੀ ਦੇ ਬਰਤਨ, ਬੱਚਿਆਂ ਲਈ ਝੂਲੇ ਅਤੇ ਚੰਡੋਲ ਆਦਿ ਦੇ ਪ੍ਰਬੰਧ ਹੁੰਦੇ ਹਨ। ਉਨ੍ਹਾਂ ਨੇ ਖੇਡਾਂ ਨੂੰ ਤਰਜੀਹ ਦੇਣ ਲਈ ਬੀਤ ਭਲਾਈ ਕਮੇਟੀ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਛਰਾਹਾਂ ਦਾ ਮੇਲਾ ਲੋਕਾਂ ਦੇ ਦਿਲਾਂ ਵਿੱਚ ਵੱਸਿਆ ਹੋਇਆ ਹੈ। ਉਨ੍ਹਾਂ ਨੇ ਬੀਤ ਇਲਾਕੇ ਦੇ ਪੜ੍ਹਾਈ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਦੀ ਬੀਤ ਭਲਾਈ ਕਮੇਟੀ ਦੀ ਪਹਿਲਕਦਮੀ ਨੂੰ ਵੀ ਬਹੁਤ ਸ਼ਲਾਘਾਯੋਗ ਦੱਸਿਆ।

ਇਸ ਮੌਕੇ ਬੀਤ ਭਲਾਈ ਕਮੇਟੀ ਵੱਲੋਂ ਬਾਬਾ ਕੇਵਲ ਸਿੰਘ ਜੀ ਅਤੇ ਬਾਬਾ ਸੁਖਦੇਵ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਬੀਤ ਭਲਾਈ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੈਂਸ, ਮਾਸਟਰ ਅਮਰੀਕ ਸਿੰਘ ਦਿਆਲ, ਸੋਨੀ ਦਿਆਲ, ਡਾਕਟਰ ਬਿੱਟੂ ਜੀ ਮਜਾਰੀ ਅਤੇ ਸਰਪੰਚ ਸੁਰਿੰਦਰ ਸਿੰਘ ਟੱਬਾ ਹਾਜ਼ਰ ਸਨ।