ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਨਵੰਬਰ 2026 (ਪੈਗਾਮ-ਏ-ਜਗਤ):- ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪੱਲਣਪੁਰ (ਨਿਊ ਚੰਡੀਗੜ੍ਹ) ਵਿਖੇ ਤਿੰਨ ਰੋਜ਼ਾ ਪੰਜਾਬ ਘੋੜਸਵਾਰੀ ਮੇਲਾ-3.0 ਦਾ ਰਸਮੀ ਉਦਘਾਟਨ ਕੀਤਾ।
ਘੋੜਿਆਂ ਦੇ ਪਾਲਕਾਂ, ਘੋੜਸਵਾਰਾਂ ਅਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਪੰਜਾਬ ਦੀ ਘੋੜਸਵਾਰੀ ਨਾਲ ਜੁੜੀ ਅਮੀਰ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਉੱਤਮ ਨਸਲ ਦੇ ਘੋੜਿਆਂ ਦਾ ਵਿਸ਼ੇਸ਼ ਸ਼ੌਕ ਸੀ, ਜੋ ਪੰਜਾਬ ਦੀ ਵਿਰਾਸਤ ਵਿੱਚ ਘੋੜਿਆਂ ਦੀ ਅਹਿਮ ਥਾਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਅਜਿਹੇ ਵੱਡੇ ਪੱਧਰ ਦੇ ਖੇਡ ਸਮਾਗਮ ਕਰਵਾਉਣਾ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਵੱਖ-ਵੱਖ ਖੇਡਾਂ ਨਾਲ ਜੋੜਨ ਦੀ ਵਚਨਬੱਧਤਾ ਦਾ ਪ੍ਰਤੀਕ ਹੈ।
ਮੇਲੇ ਦੇ ਸਥਾਨ ਵਿਖੇ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਪੱਲਣਪੁਰ ਵਿਖੇ ਬਣਾਇਆ ਗਿਆ ਅਖਾੜਾ ਅਤੇ ਮੈਦਾਨ ਕੌਮਾਂਤਰੀ ਪੱਧਰ ਦੇ ਮਿਆਰਾਂ ਦੇ ਅਨੁਸਾਰ ਹਨ। ਉਨ੍ਹਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਘੋੜਿਆਂ ਦੇ ਪਾਲਕਾਂ, ਘੋੜਸਵਾਰਾਂ ਅਤੇ ਘੋੜਸਵਾਰੀ ਦੇ ਸ਼ੌਕੀਨਾਂ ਦੀ ਉਤਸ਼ਾਹਪੂਰਨ ਸ਼ਮੂਲੀਅਤ 'ਤੇ ਖੁਸ਼ੀ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ, ਸਰਹੱਦਾਂ ਦੀ ਰਾਖੀ ਲਈ ਬਹਾਦਰੀ ਅਤੇ ਕੁਰਬਾਨੀਆਂ ਦੇਣ ਅਤੇ ਆਜ਼ਾਦੀ ਦੇ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਉਣ ਸਮੇਤ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਪ੍ਰਗਤੀਸ਼ੀਲ ਖੇਡ ਨੀਤੀ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਪੰਜਾਬ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਲਗਾਤਾਰ ਤਗਮੇ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕਰ ਰਹੇ ਹਨ।
ਤਿੰਨ ਰੋਜ਼ਾ ਮੇਲੇ ਨੂੰ ਸਿਰਫ਼ ਖੇਡ ਮੁਕਾਬਲਿਆਂ ਤੱਕ ਸੀਮਤ ਨਾ ਮੰਨਦਿਆਂ ਉਨ੍ਹਾਂ ਕਿਹਾ ਕਿ ਇਹ ਸਮਾਗਮ ਨੌਜਵਾਨਾਂ ਨੂੰ ਸਾਹਸੀ ਅਤੇ ਰਵਾਇਤੀ ਖੇਡਾਂ ਨਾਲ ਜੋੜਨ ਦਾ ਵੀ ਸੁਨੇਹਾ ਦਿੰਦਾ ਹੈ। ਘੋੜਸਵਾਰੀ ਦੇ ਮੁਕਾਬਲਿਆਂ ਦੇ ਨਾਲ-ਨਾਲ ਪੰਜਾਬ ਦੇ ਲੋਕ ਨਾਚ ਭੰਗੜੇ ਅਤੇ ਮਾਰਸ਼ਲ ਆਰਟ ਗਤਕੇ ਸਮੇਤ ਹੋਰਨਾਂ ਸੂਬਿਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਮੇਲੇ ਨੂੰ ਹੋਰ ਵੀ ਆਕਰਸ਼ਕ ਬਣਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਮੇਲੇ ਦੇ ਸਫਲ ਆਯੋਜਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਸਮਾਗਮ ਦੇ ਸੁਚਾਰੂ ਸੰਚਾਲਨ ਲਈ ਤਕਨੀਕੀ ਮੁਹਾਰਤ ਅਤੇ ਸਹਿਯੋਗ ਦੇਣ ਵਾਸਤੇ ਸਲਾਹਕਾਰ ਦੀਪਇੰਦਰ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਐਸ.ਡੀ.ਐਮ. ਖਰੜ ਸ. ਗੁਰਮੀਤ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਭੁਪਿੰਦਰ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਉਮੇਸ਼ਵਰੀ ਸ਼ਰਮਾ ਵੀ ਮੌਜੂਦ ਸਨ।
ਪਹਿਲੇ ਦਿਨ ਦੇ ਮੁਕਾਬਲਿਆਂ ਦੇ ਨਤੀਜੇ
ਮੇਲੇ ਦੇ ਪਹਿਲੇ ਦਿਨ ਛੇ ਵੱਖ-ਵੱਖ ਘੋੜਸਵਾਰੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਘੋੜਸਵਾਰਾਂ ਨੇ ਆਪਣੀ ਕਲਾ ਅਤੇ ਮੁਹਾਰਤ ਦਾ ਪ੍ਰਦਰਸ਼ਨ ਕੀਤਾ।
ਨੋਟ ਘੋੜ ਸਵਾਰ ਦੇ ਨਾਮ ਦੇ ਨਾਲ ਉਸ ਦੇ ਘੋੜੇ ਦਾ ਨਾਮ ਹੈ।
- ਟੈਂਟ ਪੈਗਿੰਗ (ਰਿੰਗ ਐਂਡ ਪੈਗ)
- ਪਹਿਲਾ ਸਥਾਨ: ਜਤਿੰਦਰ ਸਿੰਘ – ਲੇਜੇਂਡ ਓਡਰ
- ਦੂਜਾ ਸਥਾਨ: ਸੁਖਪ੍ਰੀਤ ਸਿੰਘ – ਗਲੇਡੀਏਟਰ
- ਤੀਜਾ ਸਥਾਨ: ਜਗਜੀਤ ਸਿੰਘ – ਮਿਲੇਨੀਆ
- ਚੌਥਾ ਸਥਾਨ: ਯੰਗ ਬੀਰ ਸਿੰਘ – ਸ਼ੂਗਰ ਕੈਂਡੀ
- ਡਰੈਸਾਜ਼
- ਪਹਿਲਾ ਸਥਾਨ: ਜੋਤੀ – ਫ੍ਰੈਂਕ ਹਾਈਟ
- ਦੂਜਾ ਸਥਾਨ: ਰਵੇਸ਼ਵਰ ਰਾਣਾ – ਅਘੋਰਾ
- ਤੀਜਾ ਸਥਾਨ: ਰਵੇਸ਼ਵਰ ਰਾਣਾ – ਮਹਾਰੁਦਰਾ
- ਚੌਥਾ ਸਥਾਨ: ਇੰਦਰਬੀਰ ਸਿੰਘ, ਆਈ.ਪੀ.ਐੱਸ. – ਨਾਟੀ ਬੁਆਏ
- ਸ਼ੋਅ ਜੰਪਿੰਗ ਜੀ.ਪੀ.-2
- ਪਹਿਲਾ ਸਥਾਨ: ਕਲਪ ਖਰੀਵਾਲ – ਬਰਨਬੀ
- ਦੂਜਾ ਸਥਾਨ: ਇਲਾਜ਼ੀ ਰਾਸ਼ਿਦ – ਨਬਲਜਿਵਾਨ
- ਤੀਜਾ ਸਥਾਨ: ਦਿਵਜੋਤ ਕੌਰ – ਫ੍ਰੈਂਕ ਹਾਈਟ
- ਚੌਥਾ ਸਥਾਨ: ਇਮਨਾ – ਮੈਰੀ ਮੋਨਾਰਕ
- ਸ਼ੋਅ ਜੰਪਿੰਗ ਓਪਨ (60 ਸੈਂਟੀਮੀਟਰ)
- ਪਹਿਲਾ ਸਥਾਨ: ਰਾਜਕੁਮਾਰ – ਚੈਂਪੀਅਨ
- ਦੂਜਾ ਸਥਾਨ: ਅਭੀਰ – ਬਾਜ਼
- ਤੀਜਾ ਸਥਾਨ: ਇੰਦਰਬੀਰ ਸਿੰਘ, ਆਈ.ਪੀ.ਐੱਸ. – ਨਾਟੀ ਬੁਆਏ
- ਚੌਥਾ ਸਥਾਨ: ਰੁਬਾਇਤ ਕੌਰ – ਅਜ਼ਾਦ ਏ ਗੁਨ
- ਸ਼ੋਅ ਜੰਪਿੰਗ ਓਪਨ (90 ਸੈਂਟੀਮੀਟਰ)
- ਪਹਿਲਾ ਸਥਾਨ: ਚੇਤਾਏ ਚੌਧਰੀ – ਬਰਨਬੀ
- ਦੂਜਾ ਸਥਾਨ: ਜੋਤੀ – ਫ੍ਰੈਂਕ ਹਾਈਟ
- ਤੀਜਾ ਸਥਾਨ: ਰਾਜ ਕੁਮਾਰ – ਚੈਂਪੀਅਨ
- ਚੌਥਾ ਸਥਾਨ: ਅਨੰਨਿਆ ਸ਼ਰਮਾ – ਬਾਜ਼
- ਸ਼ੋਅ ਜੰਪਿੰਗ ਜੀ.ਪੀ.-1
- ਪਹਿਲਾ ਸਥਾਨ: ਦਾਨਿਆਲ ਮੰਗਹਾਨਾ – ਬਰਨਬੀ
- ਦੂਜਾ ਸਥਾਨ: ਮਹਿਕਾ ਗਿੱਲ – ਬੇਨੀ ਓਪਟਿਮਾ
- ਤੀਜਾ ਸਥਾਨ: ਸਾਸਵਿਆ – ਥੰਡਰ
- ਚੌਥਾ ਸਥਾਨ: ਦੀਆ ਸ਼ਰਮਾ – ਜ਼ੂਲਾ ਡੇਲ
ਪੰਜਾਬ ਘੋੜਸਵਾਰੀ ਮੇਲਾ-3.0, 29 ਨਵੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਦਰਸ਼ਕਾਂ ਨੂੰ ਘੋੜਸਵਾਰੀ ਦੇ ਵੱਖ-ਵੱਖ ਮੁਕਾਬਲੇ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਪੰਜਾਬ ਦੀ ਅਮੀਰ ਖੇਡ ਵਿਰਾਸਤ ਨਾਲ ਜੁੜੀਆਂ ਗਤੀਵਿਧੀਆਂ ਦੇਖਣ ਦਾ ਮੌਕਾ ਮਿਲੇਗਾ।
