ਕਸਬਾ ਮਮਦੋਟ ਦੀ ਨਵੀਂ ਬਣੀ ਸੜਕ ਨੇ ਖੋਲ੍ਹੀ ਕੰਮ ਦੀ ਗੁਣਵੱਤਾ ਦੀ ਪੋਲ
ਮਮਦੋਟ/ਫ਼ਿਰੋਜਪੁਰ, 15 ਸਤੰਬਰ:- ਕਸਬਾ ਮਮਦੋਟ ਦੀ ਬਾਹਰੀ ਸੜਕ ਜੋ ਕੁਝ ਮਹੀਨੇ ਪਹਿਲਾਂ ਸੀਮੈਂਟ ਅਤੇ ਬੱਜਰੀ ਨਾਲ ਤਿਆਰ ਕੀਤੀ ਗਈ ਸੀ ਹੁਣ ਥੋੜ੍ਹੇ ਹੀ ਸਮੇਂ ਵਿੱਚ ਉਖੜਦੀ ਨਜ਼ਰ ਆ ਰਹੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸੜਕ ਦੇ ਨਿਰਮਾਣ ਦੌਰਾਨ ਕੰਮ ਕਰਨ ਵਾਲੇ ਠੇਕੇਦਾਰ ਵਲੋਂ ਲੋੜੀਂਦਾ ਮਟੀਰੀਅਲ ਪੂਰਾ ਨਹੀਂ ਪਾਇਆ ਗਿਆ ਜਿਸ ਕਾਰਨ ਬੱਜਰੀ ਕੁਝ ਹੀ ਦਿਨਾਂ ਵਿੱਚ ਖਿੱਲਰਨ ਲੱਗ ਪਈ ਅਤੇ ਸਰਕਾਰ ਦੇ ਲੱਖਾਂ ਰੁਪਏ ਵਿਅਰਥ ਚਲੇ ਗਏ।
ਰਾਹਗੀਰਾਂ ਦਾ ਕਹਿਣਾ ਹੈ ਕਿ ਸੜਕ ਦੀ ਮਾੜੀ ਹਾਲਤ ਕਾਰਨ ਆਵਾਜਾਈ ਦੌਰਾਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸੜਕ ਦੇ ਨਿਰਮਾਣ ਕਾਰਜ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਸੜਕ ਦੀ ਮੁਰੰਮਤ ਕਰਕੇ ਇਸ ਨੂੰ ਲੋੜੀਂਦਾ ਮਟੀਰੀਅਲ ਵਰਤਦਿਆਂ ਮੁੜ ਤਿਆਰ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।
ਇਸ ਮਾਮਲੇ ਵਿੱਚ ਨਗਰ ਪੰਚਾਇਤ ਮਮਦੋਟ ਦੇ ਸੀਨੀਅਰ ਸਹਾਇਕ ਸੁੱਚਾ ਸਿੰਘ ਨੇ ਦੱਸਿਆ ਕਿ ਉਕਤ ਸੜਕ ਦਾ ਨਿਰਮਾਣ ਲੋਕ ਨਿਰਮਾਣ ਵਿਭਾਗ ਵੱਲੋਂ ਕਰਵਾਇਆ ਗਿਆ ਹੈ। ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਰਜਿੰਦਰ ਕੱਕੜ ਨੇ ਇਸ ਦਾਅਵੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਕੰਮ ਉਨ੍ਹਾਂ ਦੇ ਵਿਭਾਗ ਨੇ ਨਹੀਂ ਕਰਵਾਇਆ, ਸਗੋਂ ਇਹ ਸੜਕ ਨਗਰ ਪੰਚਾਇਤ ਮਮਦੋਟ ਦੇ ਅਧੀਨ ਆਉਂਦੀ ਹੈ।
ਵਿਭਾਗੀ ਦਾਅਵਿਆਂ ਵਿੱਚ ਸਾਹਮਣੇ ਆਏ ਇਸ ਵਿਰੋਧ ਨੇ ਸੜਕ ਨਿਰਮਾਣ ਦੀ ਜ਼ਿੰਮੇਵਾਰੀ ਅਤੇ ਕੰਮ ਦੀ ਗੁਣਵੱਤਾ ਸਬੰਧੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
