ਅੰਬਾਲਾ ਦਾ ਇਤਿਹਾਸਕ ਵਾਮਨ ਦੁਆਦਸ਼ੀ ਤਿੰਨ ਰੋਜ਼ਾ ਮੇਲਾ 21 ਸਤੰਬਰ ਤੋਂ
ਅੰਬਾਲਾ, 16 ਸਤੰਬਰ:- ਸਨਾਤਨ ਧਰਮ ਸਭਾ ਅੰਬਾਲਾ ਸ਼ਹਿਰ ਵੱਲੋਂ ਹਰ ਸਾਲ ਆਯੋਜਿਤ ਕੀਤਾ ਜਾਣ ਵਾਲਾ ਇਤਿਹਾਸਕ ਅਤੇ ਧਾਰਮਿਕ ਵਾਮਨ ਦੁਆਦਸ਼ੀ ਮੇਲਾ ਇਸ ਵੇਰ 21 ਸਤੰਬਰ ਤੋਂ 23 ਸਤੰਬਰ, 2026 ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਮੇਲੇ ਦੇ ਸਬੰਧ ਵਿੱਚ ਅੱਜ ਸਭਾ ਦੇ ਅਹੁਦੇਦਾਰਾਂ ਵੱਲੋਂ ਅੰਬਾਲਾ ਸ਼ਹਿਰ ਦੇ ਜੀਆਰਐਸਡੀ ਸਕੂਲ ਵਿਖੇ ਇੱਕ ਵਿਸ਼ਾਲ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਗਈ। ਪ੍ਰੈੱਸ ਕਾਨਫ਼ਰੰਸ ਵਿਚ ਵਿਨੋਦ ਬਾਂਸਲ, ਮੁਕੇਸ਼ ਸਿੰਘਲ, ਕੁਲਭੂਸ਼ਣ ਗੋਇਲ, ਮੁਕੇਸ਼ ਜਿੰਦਲ, ਹਿਮਾਂਸ਼ੂ ਅਗਰਵਾਲ, ਅਰਪਿਤ ਅਗਰਵਾਲ, ਅਨਿਤ ਬਿੰਦਲ ਅਤੇ ਸਭਾ ਦੇ ਹੋਰ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।
ਸਭਾ ਦੇ ਪ੍ਰਧਾਨ ਅਤੇ ਮੇਲਾ ਕੋਆਰਡੀਨੇਟਰ ਨਰੇਸ਼ ਅਗਰਵਾਲ ਨੇ ਦੱਸਿਆ ਕਿ ਭਗਵਾਨ ਵਾਮਨ ਦੀ ਪਵਿੱਤਰ ਯਾਦ ਵਿੱਚ ਲਾਇਆ ਜਾਣ ਵਾਲਾ ਇਹ ਇਤਿਹਾਸਕ ਮੇਲਾ ਅੰਬਾਲਾ ਸ਼ਹਿਰ ਦੀ ਧਾਰਮਿਕ ਅਤੇ ਸਭਿਆਚਾਰਕ ਪਛਾਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੇਲੇ ਦੇ ਸਫਲ ਆਯੋਜਨ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 21 ਸਤੰਬਰ ਨੂੰ ਸਾਬਕਾ ਮੰਤਰੀ ਅਸੀਮ ਗੋਇਲ ਠਾਕਰ ਦੁਆਰਾ ਮੰਦਰ ਤੋਂ ਝੂਲਾ ਉਠਾ ਕੇ ਮੇਲੇ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਝੂਲੇ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ, ਕਲਾਲ ਮਾਜਰੀ ਮੰਦਰ ਅਤੇ ਖੇੜਾ ਅਤੇ ਨੌਹਰੀਆ ਮੰਦਰ ਤੋਂ ਪੁਰਾਣੀ ਅਨਾਜ ਮੰਡੀ ਤੱਕ ਜਲੂਸ ਵਿੱਚ ਜਾਣਗੇ। ਇਸ ਦੌਰਾਨ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਬੈਂਡ, ਧਾਰਮਿਕ ਗੀਤ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
ਮੇਲੇ ਦੇ ਕੋਆਰਡੀਨੇਟਰ ਅਰਵਿੰਦ ਅਗਰਵਾਲ (ਲੱਕੀ) ਨੇ ਦੱਸਿਆ ਕਿ 21 ਸਤੰਬਰ ਨੂੰ ਰਾਤ 8 ਵਜੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਮੇਲੇ ਵਿੱਚ ਸ਼ਾਮਲ ਹੋਣਗੇ ਜਦੋਂ ਕਿ 22 ਸਤੰਬਰ ਨੂੰ ਹਰਿਆਣਾ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਕ੍ਰਿਸ਼ਨ ਬੇਦੀ ਮੁੱਖ ਮਹਿਮਾਨ ਹੋਣਗੇ। ਸਾਬਕਾ ਮੰਤਰੀ ਅਸੀਮ ਗੋਇਲ ਦੋਵੇਂ ਦਿਨਾਂ ਦੇ ਸਮਾਗਮਾਂ ਦੀ ਪ੍ਰਧਾਨਗੀ ਕਰਨਗੇ। ਮੇਲੇ ਦੌਰਾਨ ਧਾਰਮਿਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਇੱਕ ਵਿਸ਼ੇਸ਼ ਲੜੀ ਦਾ ਆਯੋਜਨ ਕੀਤਾ ਜਾਵੇਗਾ। ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ 21 ਸਤੰਬਰ ਨੂੰ ਪੇਸ਼ਕਾਰੀ ਦੇਣਗੇ ਜਦੋਂ ਕਿ 22 ਸਤੰਬਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਭਜਨ ਗਾਇਕਾ ਗੌਰਾ ਮਨੀ ਆਪਣੇ ਸੁਰੀਲੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰ ਮੁਗਧ ਕਰੇਗੀ। ਦੋਵੇਂ ਦਿਨ ਆਤਿਸ਼ਬਾਜ਼ੀ (ਰੌਸ਼ਨੀ) ਵੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ 23 ਸਤੰਬਰ ਨੂੰ ਦੁਪਹਿਰ 1 ਵਜੇ ਸਾਬਕਾ ਮੰਤਰੀ ਅਸੀਮ ਗੋਇਲ ਝੂਲਾ ਉਠਾ ਕੇ ਵਿਸ਼ਾਲ ਜਲੂਸ ਦਾ ਉਦਘਾਟਨ ਕਰਨਗੇ।
