ਹਰਿਆਣਾ ਗਰਲਜ਼ ਬਟਾਲੀਅਨ ਵੱਲੋਂ ਆਯੋਜਿਤ ਐਨਸੀਸੀ ਯੁਵਾ ਆਫ਼ਤ ਮਿੱਤਰ ਯੋਜਨਾ ਕੈਂਪ ਸਮਾਪਤ

ਅੰਬਾਲਾ, 29 ਜਨਵਰੀ:- ਹਰਿਆਣਾ ਗਰਲਜ਼ ਬਟਾਲੀਅਨ, ਅੰਬਾਲਾ ਕੈਂਟ ਵੱਲੋਂ ਐਨਸੀਸੀ ਗਰੁੱਪ ਅੰਬਾਲਾ ਦੇ ਤਹਿਤ 20 ਜਨਵਰੀ ਤੋਂ 29 ਜਨਵਰੀ, 2026 ਤੱਕ ਭਾਰਤ ਸਕਾਊਟਸ ਐਂਡ ਗਾਈਡਜ਼ ਭਵਨ ਅੰਬਾਲਾ ਕੈਂਟ ਵਿਖੇ ਲਾਇਆ ਗਿਆ ਐਨਸੀਸੀ ਯੁਵਾ ਆਫ਼ਤ ਮਿੱਤਰ ਯੋਜਨਾ ਕੈਂਪ ਅੱਜ ਸਮਾਪਤ ਹੋ ਗਿਆ। ਇਸ ਕੈਂਪ ਦਾ ਉਦੇਸ਼ ਐਨਸੀਸੀ ਕੈਡਟਾਂ ਨੂੰ ਆਫ਼ਤ ਪ੍ਰਬੰਧਨ ਵਿੱਚ ਵਿਆਪਕ ਸਿਖਲਾਈ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਐਮਰਜੈਂਸੀ ਸਥਿਤੀਆਂ ਵਿੱਚ ਭਾਈਚਾਰੇ ਦੀ ਸਹਾਇਤਾਂ ਲਈ ਤਿਆਰ ਕਰਨਾ ਸੀ। ਕੈਂਪ ਦਾ ਰਸਮੀ ਉਦਘਾਟਨ ਸ਼੍ਰੀ ਹਰੀ ਕ੍ਰਿਸ਼ਨ ਜੀ, ਅੰਡਰ ਸੈਕਟਰੀ, ਮਾਲੀਆ ਅਤੇ ਆਫ਼ਤ ਪ੍ਰਬੰਧਨ ਵਿਭਾਗ, ਹਰਿਆਣਾ ਸਰਕਾਰ ਅਤੇ ਕਰਨਲ ਨਿਤੇਸ਼ ਸਿੰਘ, ਕੈਂਪ ਕਮਾਡੈਂਟ ਦੁਆਰਾ ਕੀਤਾ ਗਿਆ ਸੀ।
ਕੈਂਪ ਦੌਰਾਨ ਕੈਡਟਾਂ ਨੇ ਵੱਖ-ਵੱਖ ਕਿਸਮਾਂ ਦੀਆਂ ਆਫ਼ਤਾਂ ਨਾਲ ਨਜਿੱਠਣ, ਜ਼ਖਮੀਆਂ ਨੂੰ ਬਚਾਉਣ ਅਤੇ ਕੱਢਣ, ਮੁੱਢਲੀ ਸਹਾਇਤਾ ਅਤੇ ਐਮਰਜੈਂਸੀ ਪ੍ਰਤੀਕਿਰਿਆ ਤਕਨੀਕਾਂ ਵਿੱਚ ਵਿਆਪਕ ਸਿਖਲਾਈ ਪ੍ਰਾਪਤ ਕੀਤੀ। ਇਹ ਸਿਖਲਾਈ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ, ਹਰਿਆਣਾ ਰਾਜ ਆਫ਼ਤ ਪ੍ਰਬੰਧਨ ਅਥਾਰਿਟੀ, ਰੈੱਡ ਕਰਾਸ, ਫਾਇਰ ਡਿਪਾਰਟਮੈਂਟ ਅਤੇ ਸਿਵਲ ਡਿਫੈਂਸ ਵਰਗੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਦਿੱਤੀ ਗਈ। ਮਾਹਿਰਾਂ ਵੱਲੋਂ ਲੈਕਚਰ ਦਿੱਤੇ ਗਏ ਅਤੇ ਵਿਹਾਰਕ ਅਭਿਆਸ ਕਰਵਾਏ ਗਏ।
ਕੈਂਪ ਕਮਾਡੈਂਟ ਕਰਨਲ ਨਿਤੇਸ਼ ਸਿੰਘ ਦੀ ਯੋਗ ਅਗਵਾਈ ਹੇਠ ਆਯੋਜਿਤ ਇਸ ਕੈਂਪ ਵਿਚ ਪੰਚਕੂਲਾ ਅਤੇ ਯਮੁਨਾਨਗਰ ਜ਼ਿਲ੍ਹਿਆਂ ਦੇ 260 ਪੁਰਸ਼ ਅਤੇ ਮਹਿਲਾ ਐਨਸੀਸੀ ਕੈਡਟਾਂ ਨੇ ਸਿਖਲਾਈ ਹਾਸਲ ਕੀਤੀ। ਕੈਂਪ ਦੇ ਸਫਲਤਾਪੂਰਵਕ ਸੰਪੂਰਨ ਹੋਣ ਤੋਂ ਬਾਅਦ, ਕੈਡਟਾਂ ਨੂੰ "ਯੁਵਾ ਆਫ਼ਤ ਮਿੱਤਰ" ਵਜੋਂ ਨਾਮਜ਼ਦ ਕੀਤਾ ਗਿਆ ਤਾ ਕਿ ਉਹ ਭਵਿੱਖ ਵਿੱਚ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈਆਂ ਆਫ਼ਤਾਂ ਦੌਰਾਨ ਸਿਵਲ ਪ੍ਰਸ਼ਾਸਨ ਅਤੇ ਸਥਾਨਕ ਭਾਈਚਾਰਿਆਂ ਦੀ ਸਹਾਇਤਾ ਕਰ ਸਕਣ।