ਵੈਟਨਰੀ ਯੂਨੀਵਰਸਿਟੀ ਵਿਖੇ ਵਨ ਪੰਜਾਬ ਰਿਮਾਊਂਟ ਅਤੇ ਵੈਟਨਰੀ ਸਕਵੈਡਰਨ ਵਿਖੇ ਸ਼ੁਰੂ ਹੋਇਆ ਐਨ ਸੀ ਸੀ ਦਾ ਸਾਲਾਨਾ ਸਿਖਲਾਈ ਕੈਂਪ
ਲੁਧਿਆਣਾ 06 ਅਕਤੂਬਰ 2025: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 10 ਦਿਨਾ ਐਨ ਸੀ ਸੀ ਸਾਲਾਨਾ ਸਿਖਲਾਈ ਕੈਂਪ ਸ਼ੁਰੂ ਹੋਇਆ। ਇਹ ਕੈਂਪ ਬੜੇ ਉਤਸ਼ਾਹਪੂਰਨ ਮਾਹੌਲ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਆਰੰਭ ਕੀਤਾ ਗਿਆ। ਇਸ ਕੈਂਪ ਦਾ ਉਦੇਸ਼ ਐਨ ਸੀ ਸੀ ਕੈਡਿਟਾਂ ਨੂੰ ਅਨੁਸ਼ਾਸਨ, ਅਗਵਾਈ, ਸਰੀਰਕ ਤੰਦਰੁਸਤੀ ਅਤੇ ਸਮਾਜਿਕ ਜ਼ਿੰਮੇਵਾਰੀ ਸੰਬੰਧੀ ਗਿਆਨ ਅਤੇ ਸਿਖਲਾਈ ਪ੍ਰਦਾਨ ਕਰਨਾ ਹੈ। ਕੈਂਪ ਵਿੱਚ ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ ਅਤੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਪੀ ਏ ਯੂ ਦੇ 113 ਕੈਡਿਟਾਂ ਨੇ ਹਿੱਸਾ ਲਿਆ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਨਲ ਏ. ਸ਼੍ਰੀਨਵਾਸ ਰਾਓ, ਕਮਾਂਡਿੰਗ ਅਫ਼ਸਰ ਵਨ ਪੰਜਾਬ ਰਿਮਾਊਂਟ ਅਤੇ ਵੈਟਨਰੀ ਸਕਵੈਡਰਨ ਨੇ ਕੀਤੀ। ਉਨ੍ਹਾਂ ਨੇ ਕੈਡਿਟਾਂ ਨੂੰ ਸੰਬੋਧਿਤ ਕੀਤਾ ਅਤੇ ਵਚਨਬੱਧਤਾ, ਟੀਮ ਭਾਵਨਾ ਤੇ ਕੌਮੀ ਨਿਰਮਾਣ ਦੀ ਮਹੱਤਤਾ ਦੇ ਜ਼ੋਰ ਦਿੱਤਾ। ਉਨ੍ਹਾਂ ਨੇ ਕੈਡਿਟਾਂ ਨੂੰ ਡਰਿਲ, ਹਥਿਆਰ ਸਿਖਲਾਈ, ਸੱਭਿਆਚਾਰਕ ਗਤੀਵਿਧੀਆਂ, ਯੋਗਾ ਅਤੇ ਭਾਈਚਾਰਕ ਸੇਵਾ ਸਮੇਤ ਕੈਂਪ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
ਕੈਂਪ ਦੇ ਸਿਖਲਾਈ ਸੈਸ਼ਨਾਂ ਵਿੱਚ ਹਥਿਆਰਬੰਦ ਸੈਨਾਵਾਂ ਦੇ ਅਧਿਕਾਰੀਆਂ, ਸਹਿਯੋਗੀ ਐਨ ਸੀ ਸੀ ਅਧਿਕਾਰੀਆਂ, ਕੌਸ਼ਲ ਵਿਕਾਸ ਕੇਂਦਰ ਦੇ ਮਾਹਿਰਾਂ ਅਤੇ ਵਿਭਿੰਨ ਵਿਸ਼ਿਆਂ ਦੀਆਂ ਸਾਧਨ ਸੰਪੂਰਨ ਸ਼ਖਸੀਅਤਾਂ ਵੱਲੋਂ ਨੌਜਵਾਨਾਂ ਵਿੱਚ ਵਿਸ਼ਵਾਸ ਅਤੇ ਫ਼ਰਜ਼ ਦੀ ਭਾਵਨਾ ਪੈਦਾ ਕਰਨ ਲਈ ਭਾਸ਼ਨ ਦਿੱਤੇ ਜਾਣਗੇ ਅਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਏਗਾ।
ਕੈਂਪ ਦੋਰਾਨ ਕੈਡਿਟਾਂ ਨੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ। ਸੈਨਾ ਦੇ ਸਟਾਫ਼ ਸਮੇਤ ਲਗਭਗ 20 ਵਿਦਿਆਰਥੀਆਂ ਨੇ ਇਸ ਨੇਕ ਕਾਰਜ ਵਿੱਚ ਹਿੱਸਾ ਲਿਆ। ਇਹ ਕੈਂਪ ਐਨ ਸੀ ਸੀ ਦੇ ਮੁੱਖ ਮੁੱਲਾਂ ਨੂੰ ਦਰਸਾਉਂਦਾ ਹੈ ਅਤੇ ਕੈਡਿਟਾਂ ਨੂੰ ਜ਼ਿੰਮੇਵਾਰ ਨਾਗਰਿਕ ਅਤੇ ਦੇਸ਼ ਦੇ ਭਵਿੱਖੀ ਨੇਤਾਵਾਂ ਦੇ ਰੂਪ ਵਿੱਚ ਤਿਆਰ ਕਰਨ ਲਈ ਪ੍ਰੇਰਿਤ ਕਰਦਾ ਹੈ।
