ਮੋਹਾਲੀ ਵਿੱਚ ਮਿਸ਼ਨ ਕਲੀਨ ਪੰਜਾਬ ਦੇ ਦੂਜੇ ਪੜਾਅ ਦੀ ਸ਼ੁਰੂਆਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 1 ਸਤੰਬਰ:- ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਦੇ ਦੂਜੇ ਪੜਾਅ ਤਹਿਤ ਅੱਜ ਨਗਰ ਨਿਗਮ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਮੇਅਰ ਸ. ਸਰਬਜੀਤ ਸਿੰਘ ਸਮਾਣਾ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਸਿੰਘ ਗਾੜ੍ਹਾ ਦੀ ਮੌਜੂਦਗੀ ਵਿੱਚ ਸੈਕਟਰ 74-ਏ (ਬਰਿਆਲੀ), ਏਅਰਪੋਰਟ ਰੋਡ ਤੋਂ ਮੁਹਿੰਮ ਦਾ ਆਗਾਜ਼ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੋਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਅੱਠ ਦਿਨਾਂ ਤੱਕ ਜੰਗੀ ਪੱਧਰ ’ਤੇ ਸਫ਼ਾਈ ਅਭਿਆਨ ਚਲਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਵੀ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਵਿਧਾਇਕ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਮੁਹਿੰਮ ਦੀ ਸਫ਼ਲਤਾ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਮੋਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ‘ਮਿਸ਼ਨ ਕਲੀਨ ਪੰਜਾਬ’ ਨੂੰ ਲੋਕ ਲਹਿਰ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਨਗਰ ਨਿਗਮ ਦਾ ਸਹਿਯੋਗ ਕਰਨ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਜਨਤਕ ਥਾਵਾਂ ’ਤੇ ਗੰਦਗੀ ਫੈਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਜਿਹੇ ਲੋਕਾਂ ਦੀ ਪਛਾਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕਰਨ ਦੇ ਨਾਲ-ਨਾਲ ਲੋੜ ਪੈਣ ’ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਵਿੱਚ ਕੁਝ ਲੋਕ ਆਪਣੇ ਘਰਾਂ ਜਾਂ ਹੋਰ ਥਾਵਾਂ ਤੋਂ ਕੂੜਾ ਲਿਆ ਕੇ ਖੁੱਲ੍ਹੀਆਂ ਅਤੇ ਜਨਤਕ ਥਾਵਾਂ ’ਤੇ ਸੁੱਟ ਦਿੰਦੇ ਹਨ, ਜਿਸ ਨਾਲ ਸ਼ਹਿਰ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਵਿਅਕਤੀਆਂ ਦੀ ਪਛਾਣ ਕਰਨ ਵਿੱਚ ਪ੍ਰਸ਼ਾਸਨ ਅਤੇ ਨਗਰ ਨਿਗਮ ਦਾ ਸਹਿਯੋਗ ਦਿੱਤਾ ਜਾਵੇ।
ਵਿਧਾਇਕ ਨੇ ਨਾਗਰਿਕਾਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਕਰਕੇ ਨਗਰ ਨਿਗਮ ਵੱਲੋਂ ਨਿਰਧਾਰਤ ਪ੍ਰਬੰਧ ਅਨੁਸਾਰ ਨਿਪਟਾਰੇ ਲਈ ਦੇਣ ਦੀ ਵੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅਧੀਨ ਆਉਂਦੇ ਖੇਤਰ ਵਿੱਚ ਸਫ਼ਾਈ ਲਈ ਲਗਭਗ 20 ਤੋਂ 25 ਅਜਿਹੇ ਪੁਆਇੰਟਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਵਿਸ਼ੇਸ਼ ਤੌਰ ’ਤੇ ਸਫ਼ਾਈ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਮੇਅਰ ਸ. ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੀ ਸਫ਼ਾਈ ਅਤੇ ਖੂਬਸੂਰਤੀ ਨੂੰ ਬਰਕਰਾਰ ਰੱਖਣਾ ਨਗਰ ਨਿਗਮ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਅੱਜ ਸੈਕਟਰ 74-ਏ (ਬਰਿਆਲੀ), ਏਅਰਪੋਰਟ ਰੋਡ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕਿਉਂਕਿ ਇਹ ਮੋਹਾਲੀ ਲਈ ਇੱਕ ਮਹੱਤਵਪੂਰਨ ਐਂਟਰੀ ਅਤੇ ਐਗਜ਼ਿਟ ਪੁਆਇੰਟ ਹੈ।
ਮੇਅਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਸ਼ਹਿਰ ਵਿੱਚ ਸਫ਼ਾਈ ਮੁਹਿੰਮ ਨੂੰ ਲਗਾਤਾਰ ਚਲਾਇਆ ਜਾ ਰਿਹਾ ਹੈ। ਹੁਣ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰ ’ਤੇ ਸ਼ੁਰੂ ਕੀਤੇ ਗਏ ‘ਮਿਸ਼ਨ ਕਲੀਨ ਪੰਜਾਬ’ ਦੇ ਦੂਜੇ ਪੜਾਅ ਤਹਿਤ ਸ਼ਹਿਰ ਦੇ ਮੁੱਖ ਐਂਟਰੀ ਪੁਆਇੰਟਾਂ ਅਤੇ ਹੋਰ ਪਛਾਣੇ ਗਏ ਸਥਾਨਾਂ ’ਤੇ ਜੰਗੀ ਪੱਧਰ ’ਤੇ ਸਫ਼ਾਈ ਕਰਵਾਈ ਜਾ ਰਹੀ ਹੈ, ਤਾਂ ਜੋ ਗੰਦਗੀ ਦੇ ਢੇਰਾਂ ਨੂੰ ਹਟਾ ਕੇ ਮੋਹਾਲੀ ਦੀ ਸੁੰਦਰਤਾ ਅਤੇ ਸਾਫ਼-ਸੁਥਰੀ ਪਹਿਚਾਣ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ. ਰਜਿੰਦਰ ਪ੍ਰਸਾਦ ਸ਼ਰਮਾ, ਡਿਪਟੀ ਮੇਅਰ ਸ. ਹਰਪਾਲ ਸਿੰਘ ਚੰਨਾ, ਕੌਂਸਲਰ ਪਰਮਿੰਦਰ ਕੌਰ ਬਰਿਆਲੀ, ਗੁਰਪ੍ਰੀਤ ਸਿੰਘ ਬਰਿਆਲੀ, ਜਸਪਾਲ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਅਮਰਜੀਤ ਸਿੰਘ ਸਿੱਧੂ, ਨਰੇਸ਼ ਬੱਤਾ, ਹਰਮੇਸ਼ ਸਿੰਘ ਕੁੰਬੜਾ ਸਮੇਤ ਹੋਰ ਪਤਵੰਤੇ ਅਤੇ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।