ਕੇਵੀਕੇ ਵੱਲੋਂ ਪਰਾਲੀ ਦੀ ਰਹਿੰਦਖੂੰਹਦ ਦੇ ਸੁਚੱਜੇ ਪ੍ਰਬੰਧਨ ਉੱਤੇ ਕਰਵਾਇਆ ਸਿਖਲਾਈ ਕੋਰਸ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਸਤੰਬਰ:- ਪਰਾਲੀ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ. ਨਗਰ ਵੱਲੋਂ ਡਾਇਰੈਕਟਰ ਡਾ. ਬਲਬੀਰ ਸਿੰਘ ਖੱਦਾ ਦੀ ਅਗਵਾਈ ਹੇਠ ਪਿੰਡ ਮੱਠੀਆਰਾਂ ਵਿਖੇ ਸਿਖਲਾਈ ਕੋਰਸ ਲਗਾਇਆ ਗਿਆ। ਇਸ ਸਿਖਲਾਈ ਕੋਰਸ ਦਾ ਉਦੇਸ਼ ਕਿਸਾਨਾਂ ਨੂੰ ਪਰਾਲੀ ਦੀ ਖੇਤ ਵਿੱਚ ਸੁਚੱਜੀ ਸੰਭਾਲ ਦੇ ਤਰੀਕਿਆਂ ਤੋਂ ਜਾਣੂ ਕਰਵਾਉਣਾ ਸੀ।
ਸਿਖਲਾਈ ਕੋਰਸ ਦੌਰਾਨ ਡਾ. ਬਲਬੀਰ ਸਿੰਘ ਖੱਦਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਅਤੇ ਪਰਾਲੀ ਦੇ ਉੱਚਿਤ ਪ੍ਰਬੰਧਨ ਬਾਰੇ ਚਾਨਣਾ ਪਾਇਆ।
ਡਾ. ਹਰਮੀਤ ਕੌਰ ਨੇ ਪਰਾਲੀ ਪ੍ਰਬੰਧਨ ਲਈ ਹੈਪੀ ਸੀਡਰ, ਸੁਪਰਸੀਡਰ, ਸਮਾਰਟ ਸੀਡਰ ਆਦਿ ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਪਾਰੁਲ ਗੁਪਤਾ ਨੇ ਪਰਾਲੀ ਸਾੜਨ ਦੇ ਵਾਤਾਵਰਨ ਤੇ ਮਾੜੇ ਪ੍ਰਭਾਵ ਅਤੇ ਉਦਯੋਗਿਕ ਪੱਧਰ ਤੇ ਪਰਾਲੀ ਦੀ ਵਰਤੋਂ ਬਾਰੇ ਜਾਣਕਾਰੀ ਮੁਹੱਈਆ ਕਰਾਈ।
ਡਾ. ਜਸਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਪਰਾਲੀ ਦੇ ਸੰਭਾਲ ਲਈ ਮਸ਼ੀਨਾਂ ਤੇ ਚੱਲ ਰਹੀ ਸਕੀਮਾਂ/ ਸਬਸਿਡੀ ਬਾਰੇ ਜਾਣਕਾਰੀ ਦਿੱਤੀ। ਡਾ.ਮੁਨੀਸ਼ ਸ਼ਰਮਾ, ਸਹਾਇਕ ਪ੍ਰੋਫੈਸਰ ਨੇ ਬਾਗਬਾਨੀ ਫ਼ਸਲਾਂ ਵਿੱਚ ਪਰਾਲੀ ਦੀ ਸੁਚੱਜੀ ਵਰਤੋਂ ਬਾਰੇ ਲੈਕਚਰ ਦਿੱਤਾ। ਡਾ. ਕੋਮਲ ਨੇ ਪਰਾਲੀ ਦੀ ਪਸ਼ੂ ਖੁਰਾਕ ਵਿੱਚ ਵਰਤੋਂ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਦੇ ਅੰਤ ਵਿੱਚ ਪਿੰਡ ਵਾਸੀਆਂ ਨੇ ਕੇ.ਵੀ.ਕੇ, ਮੋਹਾਲੀ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਦੇ ਭਰੋਸਾ ਦਿਵਾਇਆ।