ਖੇਲੋ ਇੰਡੀਆ ਸੰਵਾਦ ਖੇਡ ਕੀ ਬਾਤ ਪੀਐੱਮ ਕੇ ਸਾਥ ਪ੍ਰੋਗਰਾਮ ਦਾ ਸਫ਼ਲ ਆਯੋਜਨ
ਚੰਡੀਗੜ੍ਹ, 27 ਅਗਸਤ:- ਯੁਵਾ ਕਾਰਜ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਅਤੇ ਮੇਰਾ ਯੁਵਾ ਭਾਰਤ ਦੇ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ 'ਖੇਲੋ ਇੰਡੀਆ ਸੰਵਾਦ - ਖੇਡ ਕੀ ਬਾਤ, ਪੀ.ਐੱਮ. ਕੇ ਸਾਥ' ਪ੍ਰੋਗਰਾਮ ਦਾ ਆਯੋਜਨ ਕਰਨਾਲ ਦੇ ਦਿਆਲ ਸਿੰਘ ਕਾਲਜ ਅਤੇ ਸਰਕਾਰੀ ਕਾਲਜ ਵਿੱਚ ਕੀਤਾ ਗਿਆ। ਪ੍ਰੋਗਰਾਮ ਵਿੱਚ ਲਗਭਗ 500 ਨੌਜਵਾਨਾਂ ਅਤੇ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਯੁਵਾ ਸੰਵਾਦ ਅਤੇ ਸੰਬੋਧਨ ਨੂੰ ਦੇਖਿਆ ਅਤੇ ਸੁਣਿਆ।
ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਰਾਹੀਂ ਦੇਸ਼ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਵੱਧ ਤੋਂ ਵੱਧ ਆਕਰਸ਼ਿਤ ਹੋਣ, ਖੇਡ ਭਾਵਨਾ ਨੂੰ ਜੀਵਨ ਦਾ ਹਿੱਸਾ ਬਣਾਉਣ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਿਹਤਮੰਦ, ਅਨੁਸ਼ਾਸਿਤ ਅਤੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਪ੍ਰੋਗਰਾਮ ਦੌਰਾਨ ਨੌਜਵਾਨਾਂ ਨੇ ਖੇਡ ਅਤੇ ਯੁਵਾ ਵਿਕਾਸ ਨਾਲ ਜੁੜੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਅਤੇ ਸੁਝਾਅ ਵੀ ਪੇਸ਼ ਕੀਤੇ। ਇਨ੍ਹਾਂ ਵਿੱਚ ਦੇਸ਼ ਦੇ ਖੇਡ ਵਾਤਾਵਰਣ ਨੂੰ ਬਿਹਤਰ ਬਣਾਉਣਾ, 2036 ਦੀਆਂ ਓਲੰਪਿਕ ਖੇਡਾਂ ਲਈ ਪ੍ਰਤਿਭਾਵਾਂ ਦਾ ਪਾਲਣ-ਪੋਸ਼ਣ ਅਤੇ ਵਿਕਾਸ, ਯੁਵਾ ਲੀਡਰਸ਼ਿਪ ਅਤੇ ਸ਼ਾਸਨ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣਾ, ਵਿਕਸਤ ਭਾਰਤ ਦੇ ਨਿਰਮਾਣ ਲਈ ਨੌਜਵਾਨਾਂ ਦਾ ਸਸ਼ਕਤੀਕਰਨ, ਨਸ਼ਾ ਮੁਕਤ ਯੁਵਾ - ਵਿਕਸਤ ਭਾਰਤ ਸ਼ਾਮਲ ਹਨ। ਨੌਜਵਾਨਾਂ ਨੇ ਖੇਡ ਸਹੂਲਤਾਂ ਦੇ ਵਿਸਤਾਰ, ਪੇਂਡੂ ਅਤੇ ਜ਼ਮੀਨੀ ਪੱਧਰ 'ਤੇ ਖੇਡ ਪ੍ਰਤਿਭਾਵਾਂ ਦੀ ਪਛਾਣ, ਬਿਹਤਰ ਸਿਖਲਾਈ ਅਤੇ ਕੋਚਿੰਗ ਸਹੂਲਤਾਂ, ਖੇਡਾਂ ਵਿੱਚ ਨੌਜਵਾਨਾਂ ਦੀ ਵੱਧ ਭਾਗੀਦਾਰੀ ਅਤੇ ਨਸ਼ਿਆਂ ਵਿਰੁੱਧ ਯੁਵਾ ਲੀਡਰਸ਼ਿਪ ਨੂੰ ਲੈ ਕੇ ਅਹਿਮ ਸੁਝਾਅ ਪੇਸ਼ ਕੀਤੇ।
ਖਿਡਾਰੀਆਂ ਨਾਲ ਨੌਜਵਾਨਾਂ ਦਾ ਸੰਵਾਦ
ਪ੍ਰੋਗਰਾਮ ਨੂੰ ਹੋਰ ਪ੍ਰੇਰਣਾਦਾਇਕ ਬਣਾਉਣ ਲਈ ਯੁਵਾ ਭਾਗੀਦਾਰਾਂ ਦਾ ਸੰਵਾਦ ਦੋ ਉੱਭਰਦੀਆਂ ਖੇਡ ਪ੍ਰਤਿਭਾਵਾਂ - ਆਸ਼ੀ ਕਸ਼ਯਪ (ਲਾਅਨ ਟੈਨਿਸ) ਅਤੇ ਐਂਜਲ ਰਾਣਾ ਸਾਈਕਲਿੰਗ ਨਾਲ ਵੀ ਕਰਵਾਇਆ ਗਿਆ। ਦੋਵਾਂ ਖਿਡਾਰੀਆਂ ਨੇ ਆਪਣੇ ਖੇਡ ਤਜ਼ਰਬੇ, ਸੰਘਰਸ਼, ਅਨੁਸ਼ਾਸਨ, ਫਿਟਨੈਸ ਅਤੇ ਸਫ਼ਲਤਾ ਦੀ ਯਾਤਰਾ ਨੌਜਵਾਨਾਂ ਨਾਲ ਸਾਂਝੀ ਕੀਤੀ ਅਤੇ ਨੌਜਵਾਨਾਂ ਨੂੰ ਖੇਡਾਂ ਨੂੰ ਕਰੀਅਰ ਅਤੇ ਜੀਵਨ ਸ਼ੈਲੀ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ।
ਬੁਲਾਰੇ ਨੇ ਦੱਸਿਆ ਕਿ 'ਖੇਲੋ ਇੰਡੀਆ ਸੰਵਾਦ - ਖੇਡ ਕੀ ਬਾਤ, ਪੀ.ਐੱਮ. ਕੇ ਸਾਥ' ਨੌਜਵਾਨਾਂ ਨੂੰ ਦੇਸ਼ ਦੇ ਖੇਡ ਭਵਿੱਖ ਅਤੇ ਰਾਸ਼ਟਰ ਨਿਰਮਾਣ ਨਾਲ ਸਿੱਧੇ ਤੌਰ 'ਤੇ ਜੋੜਨ ਦਾ ਇੱਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੇ ਪੰਜੇ ਵਿਸ਼ੇ ਨੌਜਵਾਨਾਂ ਦੇ ਭਵਿੱਖ ਨਾਲ ਸਿੱਧੇ ਜੁੜੇ ਹੋਏ ਹਨ ਅਤੇ ਨੌਜਵਾਨਾਂ ਵੱਲੋਂ ਪੇਸ਼ ਕੀਤੇ ਗਏ ਵਿਚਾਰ ਭਾਰਤ ਦੀ ਖੇਡ ਅਤੇ ਯੁਵਾ ਨੀਤੀ ਲਈ ਮਹੱਤਵਪੂਰਨ ਦਿਸ਼ਾ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ, ਨਸ਼ਿਆਂ ਤੋਂ ਦੂਰ ਰਹਿਣ ਅਤੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਭਾਗੀਦਾਰ ਬਣਨ ਦਾ ਸੱਦਾ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਭਾਗੀਦਾਰ ਨੌਜਵਾਨਾਂ ਨੇ ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਉਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਯੁਵਾ ਭਾਗੀਦਾਰੀ ਯਕੀਨੀ ਬਣਾਉਣ ਦਾ ਸੰਕਲਪ ਲਿਆ।
