ਹੜ ਪੀੜਤਾਂ ਦੀਆਂ ਸਮੱਸਿਆ ਸਬੰਧੀ ਜਮਹੂਰੀ ਕਿਸਾਨ ਸਭਾ ਵੱਲੋਂ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ
ਹੁਸ਼ਿਆਰਪੁਰ- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ ਤੇ ਜਿਲ੍ਹਾ ਹੁਸਿਆਰਪੁਰ ਇਕਾਈ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਡਾ: ਦਵਿੰਦਰ ਸਿੰਘ ਕੱਕੋਂ, ਡਾ: ਸੁਖਦੇਵ ਸਿੰਘ ਢਿਲੋਂ, ਬਲਵਿੰਦਰ ਸਿੰਘ ਗਿਲ ਦੀ ਅਗਵਾਈ ਵਿਚ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਹੜ੍ਹ ਪੀੜਤਾਂ ਦੀ ਸਮੱਸਿਆਵਾਂ ਸਬੰਧੀ ਮੰਗ ਪੱਤਰ ਦਿਤਾ। ਜਥੇਬੰਦੀ ਨੇ ਮੰਗ ਕੀਤੀ ਕਿ ਹੜ੍ਹਾਂ ਨਾਲ ਮਾਰੇ ਗਏ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ।
ਹੜ੍ਹ ਪ੍ਰਭਾਵਿਤ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ, ਮਰੀਆਂ ਫਸਲਾਂ ਦਾ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਅਗਲੀ ਫਸਲ ਨਾ ਬੀਜੇ ਜਾਣ ਦੀ ਸੂਰਤ 'ਚ ਇਹ ਮੁਆਵਜ਼ਾ ਦੁੱਗੁਣਾ ਦਿੱਤਾ ਜਾਵੇ। ਗੰਨੇ ਦੀ ਫਸਲ ਲਈ ਇਕ ਲੱਖ ਰੁਪਏ ਪ੍ਰਤੀ ਏਕੜ ਦਿੱਤੇ ਜਾਣ।
ਹੜ੍ਹਾਂ ਦੀ ਮਾਰ ਹੇਠ ਆਏ ਬੇਜ਼ਮੀਨੇ ਕਿਰਤੀ ਪਰਿਵਾਰ ਨੂੰ 10 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਅਤੇ ਭੋਜਨ ਪਦਾਰਥ- ਦਵਾਈਆਂ ਆਦਿ ਮੁਫਤ ਦਿਤੀਆਂ ਜਾਣ, ਹੜ੍ਹਾਂ ਤੋਂ ਪਿਛੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਮਰੀ ਮੱਝ-ਗਾਂ ਲਈ ਇਕ ਲੱਖ ਰੁਪਏ ਪ੍ਰਤੀ ਪਸ਼ੂ, ਡਿੱਗੇ ਮਕਾਨਾਂ ਲਈ 10 ਲੱਖ ਰੁਪਏ ਪ੍ਰਤੀ ਮਕਾਨ, ਹੜ੍ਹ ਦੀ ਮਾਰ ਝੱਲ ਰਹੇ ਸਮੁੱਚੇ ਪੀੜਤ ਪਰਿਵਾਰਾਂ ਲਈ ਯਕਮੁਸ਼ਤ ਇਕ ਲੱਖ ਰੁਪਏ, ਟਿਊਬਵੈਲ ਬੋਰ, ਖੇਤੀ ਮਸ਼ੀਨਰੀ, ਡੇਅਰੀ ਫਾਰਮ, ਪੋਲਟਰੀ, ਫਿਸ਼ਰੀ, ਭੇਡ, ਬੱਕਰੀ ਆਦਿ ਦੇ ਹੋਏ ਨੁਕਸਾਨ ਦੀ ਮੁਕੰਮਲ ਭਰਪਾਈ ਕੀਤੀ ਜਾਵੇ।
ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ, ਹਰ ਖੇਤ ਲਈ, ਹਰ ਕਿਸਾਨ, ਕਾਸ਼ਤਕਾਰ, ਅਬਾਦਕਾਰ ਆਦਿ ਨੂੰ ਦਿੱਤਾ ਜਾਵੇ। ਗਿਰਦਾਵਰੀ ਵੇਲੇ ਸਰਕਾਰੀ ਤੰਤਰ ਵਲੋਂ ਕੀਤੀ ਜਦੀ ਲਾਪਰਵਾਹੀ ਤੇ ਭ੍ਰਿਸ਼ਟਾਚਾਰ ਨੂੰ ਅਗਾਉਂ ਨੱਥ ਪਾਈ ਜਾਵੇ ਤਾਂ ਜੋ ਮੁਆਵਜ਼ਾ ਅਸਲੀ ਹੱਕਦਾਰਾਂ ਨੂੰ ਮਿਲ ਸਕੇ, ਭੋਂਇ ਸਮਤਲ ਕਰਨ ਦਾ ਤੇਲ ਖਰਚਾ ਦਿੱਤਾ ਜਾਵੇ ਅਤੇ ਲੋੜਵੰਦ ਕਿਸਾਨਾਂ ਨੂੰ ਮਸ਼ੀਨਰੀ ਤੇ ਖੇਤੀ ਸੰਦ ਮੁਹੱਈਆ ਕਰਾਏ ਜਾਣ। ਆਉਂਦੀ ਫਸਲ ਲਈ ਬੀਜ-ਖਾਦ ਆਦਿ ਦਾ ਪ੍ਰਬੰਧ ਕੀਤਾ ਜਾਵੇ।ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ।
ਦਰਿਆ ਬੁਰਦ ਹੋਈ ਜ਼ਮੀਨ ਬਦਲੇ ਜ਼ਮੀਨ ਦਿੱਤੀ ਜਾਵੇ, ਦਰਿਆਵਾਂ ਨੂੰ ਚੈਨਲਾਈਜ਼ ਕਰਕੇ ਇਨ੍ਹਾਂ ਦਾ ਨਹਿਰੀਕਰਨ ਕੀਤਾ ਜਾਵੇ, ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨੁਕਸਾਨੇ ਪੁਲਾਂ ਸੜਕਾਂ, ਸਕੂਲ- ਹਸਪਤਾਲ, ਬੰਨ੍ਹਾਂ ਆਦਿ ਦੀ ਮੁੜ ਉਸਰੀ ਕੀਤੀ ਜਾਵੇ ਅਤੇ ਮੰਡ/ਬੇਟ ਏਰੀਆ ਦੇ ਸਮੁੱਚੇ ਵਿਕਾਸ ਲਈ ਫੰਡਾਂ ਦਾ ਪ੍ਰਬੰਧ ਕੀਤਾ ਜਾਵੇ, ਇਸ ਮੌਕੇ ਪਰਦੁਮਣ ਸਿੰਘ, ਗੁਰਚਰਨ ਸਿੰਘ, ਮਲਕੀਤ ਸਿੰਘ ਸਲੇਮਪੁਰ, ਓਮ ਪ੍ਰਕਾਸ਼ ਸਲੇਮਪੁਰ, ਗਿਆਨ ਸਿੰਘ, ਰਜਿੰਦਰ ਸਿੰਘ ਕੱਕੋਂ, ਜਗਤਾਰ ਸਿੰਘ ਸਤੌਰ, ਮੰਗਲ ਸਿੰਘ ਮਿਆਣੀ, ਸੁਖਦੇਵ ਸਿੰਘ ਮਿਆਣੀ ਆਦਿ ਹਾਜ਼ਰ ਸਨ।
