ਭਾਰਤ ਨੇ ਮਲੇਸ਼ੀਆ ਨੂੰ 31 ਨਾਲ ਹਰਾ ਕੇ ਏਐੱਚਐੱਫ ਪੁਰਸ ਜੂਨੀਅਰ ਏਸ਼ੀਆ ਕੱਪ ਫਾਈਨਲ ਚ ਬਣਾਈ ਥਾਂ

ਮੋਕੀ/ਚੀਨ:- ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਪਹਿਲੇ ਸੈਮੀਫਾਈਨਲ ਵਿੱਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਏ.ਐੱਚ.ਐੱਫ. ਜੂਨੀਅਰ ਏਸ਼ੀਆ ਕੱਪ 2026 ਦੇ ਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਡਿਫੈਂਡਿੰਗ ਚੈਂਪੀਅਨ ਭਾਰਤ ਹੁਣ ਲਗਾਤਾਰ ਚੌਥਾ ਅਤੇ ਕੁੱਲ ਛੇਵਾਂ ਖਿਤਾਬ ਜਿੱਤਣ ਤੋਂ ਸਿਰਫ਼ ਇੱਕ ਕਦਮ ਦੂਰ ਹੈ।
ਕਪਤਾਨ ਅਤੇ ਡਰੈਗ-ਫਲਿੱਕਰ ਅਨਮੋਲ ਏਕਾ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੈਨਲਟੀ ਕਾਰਨਰ ਰਾਹੀਂ ਦੋ ਗੋਲ ਕੀਤੇ, ਜਿਸ ਨਾਲ ਟੂਰਨਾਮੈਂਟ ਵਿੱਚ ਉਨ੍ਹਾਂ ਦੇ ਗੋਲਾਂ ਦੀ ਗਿਣਤੀ 16 ਹੋ ਗਈ ਹੈ। ਇਸ ਤੋਂ ਇਲਾਵਾ ਸੁਖਵਿੰਦਰ ਨੇ ਇੱਕ ਹੋਰ ਗੋਲ ਕਰਕੇ ਟੀਮ ਦੀ ਲੀਡ ਮਜ਼ਬੂਤ ਕੀਤੀ। ਗੋਲਕੀਪਰ ਅਤੇ ‘ਪਲੇਅਰ ਆਫ਼ ਦਿ ਮੈਚ’ ਰਹੇ ਵਿਵੇਕ ਲਾਕੜਾ ਨੇ ਕਈ ਸ਼ਾਨਦਾਰ ਬਚਾਅ ਕੀਤੇ, ਜਿਸ ਵਿੱਚ ਇੱਕ ਅਹਿਮ ਪੈਨਲਟੀ ਸਟ੍ਰੋਕ ਨੂੰ ਰੋਕਣਾ ਵੀ ਸ਼ਾਮਲ ਹੈ।
ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ, ਭਾਰਤ ਨੇ 16ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਜ਼ਰੀਏ ਖਾਤਾ ਖੋਲ੍ਹਿਆ। ਮੈਚ ਦੇ ਆਖ਼ਰੀ ਪਲਾਂ ਵਿੱਚ ਮਲੇਸ਼ੀਆ ਨੇ ਪੈਨਲਟੀ ਕਾਰਨਰ ਰਾਹੀਂ ਆਪਣਾ ਪਹਿਲਾ ਅਤੇ ਇਕਲੌਤਾ ਗੋਲ ਕੀਤਾ, ਪਰ ਉਦੋਂ ਤੱਕ ਭਾਰਤ ਮੈਚ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਸਥਿਤੀ ਵਿੱਚ ਪਹੁੰਚ ਚੁੱਕਾ ਸੀ। ਫ਼ਾਈਨਲ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਪਾਕਿਸਤਾਨ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।