ਸੂਦੀ ਅਰਬ ਉੱਤੇ ਹੂਤੀ ਵਿਦਰੋਹੀਆਂ ਦੇ ਹਮਲੇ 73 ਲੋਕ ਜ਼ਖਮੀ
ਕਾਹਿਰਾ/ਸੂਦੀ ਅਰਬ :- ਈਰਾਨ ਸਮਰਥਿਤ ਹੂਤੀ ਵਿਦਰੋਹੀਆਂ ਵੱਲੋਂ ਮੰਗਲਵਾਰ ਤੜਕੇ ਸੂਦੀ ਅਰਬ ਉੱਤੇ ਕੀਤੇ ਗਏ ਹਮਲਿਆਂ ਵਿੱਚ 73 ਲੋਕ ਜ਼ਖਮੀ ਹੋ ਗਏ। ਸੂਦੀ ਅਰਬ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਯਮਨ ਵਿੱਚ ਹੂਤੀਆਂ ਖ਼ਿਲਾਫ਼ ਲੜ ਰਹੇ ਸੂਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਦੇ ਬੁਲਾਰੇ ਮੇਜਰ ਜਨਰਲ ਤੁਰਕੀ ਅਲ-ਮਲਿਕੀ ਨੇ ਦੱਸਿਆ ਕਿ ਵਿਦਰੋਹੀਆਂ ਨੇ ਸੂਦੀ ਅਰਬ ਦੇ ਅਭਾ, ਜਜ਼ਾਨ, ਨਜਰਾਨ ਅਤੇ ਖਮਿਸ ਮੁਸ਼ੈਤ ਸ਼ਹਿਰਾਂ ਵਿੱਚ ''ਨਾਗਰਿਕ ਅਤੇ ਆਰਥਿਕ ਅਦਾਰਿਆਂ'' ਨੂੰ ਨਿਸ਼ਾਨਾ ਬਣਾਇਆ।
ਉਨ੍ਹਾਂ ਨੇ ਕਿਹਾ ਕਿ ਸੂਦੀ ਅਰਬ ਦੀ ਅਗਵਾਈ ਵਾਲਾ ਗੱਠਜੋੜ ''ਅੱਤਵਾਦੀ ਹੂਤੀ ਮਿਲੀਸ਼ੀਆ ਨੂੰ ਰੋਕਣ ਲਈ ਪੂਰੀ ਦ੍ਰਿੜ੍ਹਤਾ ਨਾਲ ਸਾਰੀਆਂ ਜ਼ਰੂਰੀ ਫ਼ੌਜੀ ਕਾਰਵਾਈਆਂ ਕਰੇਗਾ।'' ਹੂਤੀਆਂ ਨੇ ਇਨ੍ਹਾਂ ਹਮਲਿਆਂ ਤੋਂ ਪਹਿਲਾਂ ਦੋਸ਼ ਲਾਇਆ ਸੀ ਕਿ ਸੂਦੀ ਅਰਬ ਨੇ ਯਮਨ ਦੇ ਉੱਤਰੀ ਸੂਬੇ ਅਲ-ਜੌਫ਼ ਵਿੱਚ ਸਥਿਤ ਇੱਕ ਜੇਲ੍ਹ ਉੱਤੇ ਹਮਲਾ ਕੀਤਾ ਹੈ। ਇਹ ਹਮਲੇ ਯਮਨ ਵਿੱਚ ਹੂਤੀਆਂ ਅਤੇ ਸੂਦੀ ਅਰਬ ਸਮਰਥਿਤ ਸਰਕਾਰੀ ਫ਼ੌਜਾਂ ਵਿਚਕਾਰ ਕਈ ਹਫ਼ਤਿਆਂ ਤੋਂ ਜਾਰੀ ਵਧਦੀ ਲੜਾਈ ਦੌਰਾਨ ਹੋਏ ਹਨ। ਇਸ ਲੜਾਈ ਨੇ ਯਮਨ ਦੇ ਗ੍ਰਹਿ ਯੁੱਧ ਵਿੱਚ ਚਾਰ ਸਾਲ ਤੋਂ ਜਾਰੀ ਜੰਗਬੰਦੀ ਨੂੰ ਖ਼ਤਮ ਕਰ ਦਿੱਤਾ ਹੈ।
