ਬਤੌਰ ਲੈਕਚਰਾਰ ਪਦ ਉਨੱਤ ਹੋਣ ਤੇ ਕੀਤਾ ਸਨਮਾਨ ਸਮਾਰੋਹ
ਨਵਾਂਸ਼ਹਿਰ- ਸਰਕਾਰੀ ਹਾਈ ਸਕੂਲ ਮਜਾਰਾ ਕਲਾਂ ਖੁਰਦ ਤੋਂ ਮਾਸਟਰ ਅਜੇ ਕੁਮਾਰ ਚਾਹੜ ਮਜਾਰਾ ਦੇ ਬਤੌਰ ਅੰਗਰੇਜ਼ੀ ਲੈਕਚਰਾਰ ਪਦ ਉੱਨਤ ਹੋਣ 'ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸਕੂਲ ਵਿਚ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਵਿਦਾਇਗੀ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਬੋਲਦਿਆਂ ਸਕੂਲ ਮੁੱਖੀ ਨੀਲਮ ਕੁਮਾਰੀ ਨੇ ਕਿਹਾ ਕਿ ਸ਼੍ਰੀ ਅਜੈ ਕੁਮਾਰ ਚਾਹੜ ਮਜਾਰਾ ਪਿਛਲੇ 20 ਸਾਲ ਤੋਂ ਇਸ ਸਕੂਲ ਵਿਚ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਸੇਵਾਵਾਂ ਨਿਭਾ ਰਹੇ ਸਨ ਜਿਨ੍ਹਾਂ ਦੀ ਪਦ ਉਨਤੀ ਬਤੌਰ ਅੰਗਰੇਜ਼ੀ ਲੈਕਚਰਾਰ ਸਸਸਸ ਜਾਡਲਾ ਵਿਖੇ ਹੋ ਗਈ ਹੈ।
ਇਨ੍ਹਾਂ ਨੇ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਅਤੇ ਅਨੁਸ਼ਾਸਨ ਵਿਚ ਰਹਿ ਕੇ ਨਿਭਾਈ ਹੈ।ਉਨ੍ਹਾਂ ਕਿਹਾ ਕਿ ਉਹ ਉੱਚ ਯੋਗਤਾ ਪ੍ਰਾਪਤ ਅਧਿਆਪਕ ਹਨ ਜਿਨ੍ਹਾਂ ਨੇ ਬੀਐੱਡ ਤੋਂ ਇਲਾਵਾ ਅੰਗਰੇਜ਼ੀ , ਇਤਿਹਾਸ , ਪੰਜਾਬੀ ਅਤੇ ਪੋਲੀਟੀਕਲ ਸਾਇੰਸ ਵਿਸ਼ਿਆਂ ਵਿਚ ਐਮ ਕੀਤੀ ਹੋਈ ਹੈ।ਸਕੂਲ ਦੀ ਇਮਾਰਤ ਬਣਵਾਉਣ ਅਤੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਵਿਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਸਕੂਲ ਅਧਿਆਪਕ ਰਾਜੀਵ ਸ਼ਰਮਾ ਅਤੇ ਚੰਦਨ ਸ਼ਰਮਾ ਨੇ ਕਿਹਾ ਕਿ ਸ਼੍ਰੀ ਅਜੇ ਕੁਮਾਰ ਚਾਹੜ ਮਜਾਰਾ ਅਧਿਆਪਨ ਦੇ ਨਾਲ ਨਾਲ ਸਮਾਜਿਕ ਕੰਮਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਵੀ ਹਨ। ਉਨ੍ਹਾਂ ਦੇ ਪਦ ਉਨਤ ਹੋਣ 'ਤੇ ਸਕੂਲ ਸਟਾਫ ਵਲੋਂ ਸ਼ਾਨਦਾਰ ਵਿਦਾਇਗੀ ਸਮਾਰੋਹ ਦੌਰਾਨ ਉਨ੍ਹਾਂ ਨੂੰ , ਉਨ੍ਹਾਂ ਦੀ ਧਰਮਪਤਨੀ ਸਰਬਜੀਤ ਕੌਰ ਅਤੇ ਪਰਿਵਾਰ ਨੂੰ ਮੋਮੈਂਟੋ , ਲੋਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਅਜੇ ਕੁਮਾਰ ਚਾਹੜ ਮਜਾਰਾ ਵਲੋਂ ਸਕੂਲ ਨੂੰ ਅਲਮਾਰੀ , ਦਰਜਾ ਚਾਰ ਕਰਮਚਾਰੀਆਂ ਨੂੰ ਤੋਹਫੇ ਅਤੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਮਠਿਆਈ ਵੀ ਦਿੱਤੀ ਗਈ। ਇਸ ਮੌਕੇ ਦਲਜਿੰਦਰ ਕੌਰ ਪੰਜਾਬੀ ਅਧਿਆਪਕਾ , ਨੀਰੂ ਬਾਲਾ ਹਿੰਦੀ ਅਧਿਆਪਕਾ , ਰਾਜਵਿੰਦਰ ਕੌਰ ਅੰਗਰੇਜ਼ੀ ਅਧਿਆਪਕਾ , ਸੁਖਵਿੰਦਰ ਕੌਰ ਗਣਿਤ ਅਧਿਆਪਕਾ , ਸੰਤੋਸ਼ ਕੁਮਾਰੀ ਪੀਟੀਆਈ , ਪ੍ਰਿੰਸ ਪ੍ਰੀਤੀ , ਪ੍ਰਦੀਪ ਕੁਮਾਰ , ਰਾਜਵਿੰਦਰ ਕੌਰ ਅਤੇ ਕਮਲੇਸ਼ ਕੌਰ ਆਦਿ ਵੀ ਹਾਜ਼ਰ ਸਨ।
