ਹੁਸ਼ਿਆਰਪੁਰ ਚ ਹਮਾਰੇ ਰਾਮ ਨਾਟਕ ਦਾ ਹੋਇਆ ਭਵਿਆ ਮੰਚਨ

ਹੁਸ਼ਿਆਰਪੁਰ-  ਪੰਜਾਬ ਸਰਕਾਰ ਵੱਲੋਂ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਸਦੀਵੀ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪ੍ਰਸਿੱਧ ਨਾਟਕ ‘ਹਮਾਰੇ ਰਾਮ’ ਦਾ ਮੰਚਨ ਸਥਾਨਕ ਜੇਮਜ਼ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿਖੇ ਕੀਤਾ ਗਿਆ।
ਇਸ ਮੌਕੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਅਮੀਰ ਸੱਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਦੇ ਨਾਲ-ਨਾਲ ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਉਦੇਸ਼ ਤਹਿਤ 4 ਅਤੇ 5 ਸਤੰਬਰ ਨੂੰ ਹੁਸ਼ਿਆਰਪੁਰ ਵਿੱਚ ‘ਹਮਾਰੇ ਰਾਮ’ ਦੇ ਮੁਫ਼ਤ ਸ਼ੋਅ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ੋਆਂ ਵਿੱਚ ਹੁਸ਼ਿਆਰਪੁਰ ਨੂੰ ਸ਼ਾਮਲ ਕੀਤਾ ਜਾਣਾ ਜ਼ਿਲ੍ਹੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਰਾਮਾਇਣ ’ਤੇ ਆਧਾਰਿਤ ਇੱਕ ਸ਼ਾਨਦਾਰ ਨਾਟਕ ਪੇਸ਼ਕਾਰੀ ਹੈ, ਜਿਸ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਰਾਵਣ ਦੀ ਭੂਮਿਕਾ ਵਿੱਚ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਸ਼ਾਨਦਾਰ ਮੰਚ ਸਜਾਵਟ, ਪ੍ਰਭਾਵਸ਼ਾਲੀ ਸੰਵਾਦ, ਸੰਗੀਤ, ਵਿਜ਼ੂਅਲਜ਼ ਅਤੇ ਅਭਿਨੈ ਰਾਹੀਂ ਇਹ ਨਾਟਕ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਜੁੜੇ ਸੱਚ, ਧਰਮ, ਦਇਆ, ਮਰਿਆਦਾ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ।
ਵਿਧਾਇਕ ਜਿੰਪਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਭਗਵਾਨ ਸ੍ਰੀ ਰਾਮ ਦੇ ਆਦਰਸ਼ ਸਮਾਜ ਲਈ ਹੋਰ ਵੀ ਪ੍ਰਸੰਗਿਕ ਹਨ। ਉਨ੍ਹਾਂ ਦਾ ਜੀਵਨ ਸਾਨੂੰ ਸੱਚ ਦੇ ਮਾਰਗ ’ਤੇ ਚੱਲਣ, ਵੱਡਿਆਂ ਦਾ ਸਤਿਕਾਰ ਕਰਨ, ਆਪਣੇ ਫਰਜ਼ ਨਿਭਾਉਣ ਅਤੇ ਸਮਾਜ ਵਿੱਚ ਭਾਈਚਾਰਾ ਤੇ ਸਦਭਾਵਨਾ ਕਾਇਮ ਰੱਖਣ ਲਈ ਪ੍ਰੇਰਿਤ ਕਰਦਾ ਹੈ।
ਉਨ੍ਹਾਂ ਕਿਹਾ ਕਿ ‘ਹਮਾਰੇ ਰਾਮ’ ਦਾ ਸ਼ੋਅ ਜਨਤਾ ਲਈ ਪੂਰੀ ਤਰ੍ਹਾਂ ਮੁਫ਼ਤ ਹੈ, ਤਾਂ ਜੋ ਸਮਾਜ ਦੇ ਹਰ ਵਰਗ ਦੇ ਲੋਕ ਇਸ ਸ਼ਾਨਦਾਰ ਨਾਟਕ ਪੇਸ਼ਕਾਰੀ ਨੂੰ ਦੇਖ ਸਕਣ ਅਤੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਸਕਣ। ਉਨ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਵੀ ਦੁਪਹਿਰ 2 ਵਜੇ ਅਤੇ ਸ਼ਾਮ 6 ਵਜੇ ਦੋ ਸ਼ੋਅ ਕਰਵਾਏ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਮੇਅਰ ਪ੍ਰਵੀਨ ਸੈਣੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਕਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਕੇਸ਼ ਕੁਮਾਰ ਮੀਣਾ, ਹੋਰ ਅਧਿਕਾਰੀ ਅਤੇ ਪਤਵੰਤੇ ਮੌਜੂਦ ਸਨ।