ਪੀੜਤਾਂ ਦੀ ਮਦਦ ਕਰਕੇ ਗੋਲਡ ਮੈਡਲ ਅਤੇ ਪ੍ਰਸ਼ੰਸਾ ਪੱਤਰ ਪਾਓ ਡਾ ਰਾਕੇਸ਼ ਵਰਮੀ

ਪਟਿਆਲਾ, 19 ਅਗਸਤ:- ਅੰਤਰਰਾਸ਼ਟਰੀ ਮਾਨਵਤਾ ਬਚਾਓ ਦਿਵਸ ਮੌਕੇ ਫਸਟ ਏਡ, ਸੇਫਟੀ ਅਤੇ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ ਵੱਲੋਂ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ. ਕੈਡਿਟਾਂ, ਐਨ.ਐਸ.ਐਸ. ਵਲੰਟੀਅਰਾਂ ਅਤੇ ਸਕਾਊਟ-ਗਾਈਡ ਨੂੰ ਮਾਨਵਤਾ ਦੀ ਸੁਰੱਖਿਆ ਅਤੇ ਪੀੜਤਾਂ ਦੀ ਮਦਦ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਦੱਸਿਆ ਗਿਆ ਕਿ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਪੱਧਰ ’ਤੇ ਮਾਨਵਤਾ ਨੂੰ ਆਫ਼ਤਾਂ, ਜੰਗਾਂ ਅਤੇ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਦੌਰਾਨ ਬਚਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਹਿੱਤ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਅਤੇ ਪੀੜਤਾਂ ਨੂੰ ਬਚਾਉਣ ਦੀਆਂ ਟ੍ਰੇਨਿੰਗਾਂ ਕਰਵਾਉਣ ’ਤੇ ਜ਼ੋਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਸਮੇਂ ਮੌਕੇ ’ਤੇ ਸਹੀ ਫਸਟ ਏਡ ਨਾ ਮਿਲਣ ਕਾਰਨ ਬਹੁਤ ਸਾਰੇ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਨਹੀਂ ਮਿਲ ਪਾਉਂਦੀ। ਇਸ ਲਈ ਹਰੇਕ ਵਿਦਿਆਰਥੀ ਅਤੇ ਨੌਜਵਾਨ ਲਈ ਮੁੱਢਲੀ ਸਹਾਇਤਾ ਅਤੇ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਆਜ਼ਾਦੀ ਦਿਵਸ ਮੌਕੇ ਦੇਸ਼ ਵਾਸੀਆਂ ਦੀ ਸੁਰੱਖਿਆ ਅਤੇ ਪੀੜਤਾਂ ਦੀ ਮਦਦ ਕਰਨ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਿਵਲ ਡਿਫੈਂਸ ਵਲੰਟੀਅਰਾਂ ਵਜੋਂ ਤਿਆਰ ਕਰਨ ’ਤੇ ਦਿੱਤੇ ਜ਼ੋਰ ਦਾ ਵੀ ਜ਼ਿਕਰ ਕੀਤਾ ਗਿਆ।
ਸ੍ਰੀ ਕਾਕਾ ਰਾਮ ਵਰਮਾ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਅਤੇ ਫਸਟ ਏਡ ਟ੍ਰੇਨਰ ਨੇ ਨਾਗਰਿਕਾਂ ਦੀ ਸੁਰੱਖਿਆ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਟ੍ਰੇਨਿੰਗਾਂ, ਅਭਿਆਸ ਅਤੇ ਮੌਕ ਡਰਿੱਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਟ੍ਰੇਨਿੰਗਾਂ ਐਮਰਜੈਂਸੀ ਦੇ ਸਮੇਂ ਲੋਕਾਂ ਦੀ ਜਾਨ ਬਚਾਉਣ ਵਿੱਚ ਬਹੁਤ ਸਹਾਇਕ ਸਾਬਤ ਹੋ ਸਕਦੀਆਂ ਹਨ।
ਡਾ. ਰਾਕੇਸ਼ ਵਰਮੀ ਨੇ ਕਿਹਾ ਕਿ ਜੇਕਰ ਕੋਈ ਵਿਦਿਆਰਥੀ, ਨਾਗਰਿਕ ਜਾਂ ਕਰਮਚਾਰੀ ਦੁਰਘਟਨਾ ਦੇ ਸਮੇਂ ਜ਼ਖਮੀਆਂ, ਦਿਲ ਦੇ ਦੌਰੇ, ਕਾਰਡੀਅਕ ਅਰੇਸਟ, ਬੇਹੋਸ਼ੀ, ਸਦਮੇ, ਗੈਸਾਂ, ਧੂੰਏਂ ਜਾਂ ਅੱਗ ਦੌਰਾਨ ਪੀੜਤਾਂ ਅਤੇ ਜਾਇਦਾਦ ਨੂੰ ਬਚਾਉਣ ਲਈ ਮਦਦ ਕਰਦਾ ਹੈ ਤਾਂ ਉਸ ਨੂੰ ਡੀ.ਬੀ.ਜੀ. ਵੱਲੋਂ ਗੋਲਡ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਅਤੇ ਸਰਟੀਫਿਕੇਟ ਵੀ ਮੁਫ਼ਤ ਪ੍ਰਦਾਨ ਕੀਤੇ ਜਾਂਦੇ ਹਨ। ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਪਟਿਆਲਾ ਨੂੰ ਬੇਨਤੀ ਪੱਤਰ ਵੀ ਸੌਂਪਿਆ ਗਿਆ ਹੈ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਐਨ.ਸੀ.ਸੀ. ਕੈਡਿਟਾਂ ਅਤੇ ਹੋਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਬਚਾਅ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਹਰੇਕ ਵਿਦਿਆਰਥੀ, ਅਧਿਆਪਕ ਅਤੇ ਨਾਗਰਿਕ ਨੂੰ ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਲੈਣੀਆਂ ਚਾਹੀਦੀਆਂ ਹਨ।