ਫੁੱਟਬਾਲ ਪਲੇਅਰਜ਼ ਵੈਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਸਟਾਰ ਫੁੱਟਬਾਲਰ ਮਨੀਸ਼ਾ ਕਲਿਆਣ ਦਾ ਸਨਮਾਨ

ਹੁਸ਼ਿਆਰਪੁਰ:- ਪਿੰਡ ਮੁੱਗੋਵਾਲ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਭਾਰਤੀ ਫੁੱਟਬਾਲ ਦੀ ਸਟਾਰ ਖਿਡਾਰਨ ਪੂਰੀ ਦੁਨੀਆਂ ਵਿੱਚ ਆਪਣੇਂ ਬਾਪ ਸ੍ਰੀ ਨਰਿੰਦਰਪਾਲ ਜੀ ਤੇ ਮਾਤਾ ਰਾਜਕੁਮਾਰੀ ਜੀ ਦਾ ਸਿਰ ਫਖ਼ਰ ਨਾਲ ਉੱਚਾ ਕਰ ਰਹੀ ਹੈ। ਮਹਿਜ਼ 13 ਸਾਲ ਦੀ ਉਮਰ ਤੋਂ ਐਥਲੈਟਿਕਸ ਰਾਹੀਂ ਸ਼ੁਰੂਆਤ ਕਰਨ ਵਾਲੀ ਮਨੀਸ਼ਾ ਕਲਿਆਣ ਤੇ ਜਦੋਂ ਮਾਹਿਰ ਕੋਚ ਸਾਹਿਬਾਨਾਂ ਦੀਆਂ ਪਾਰਖੂ ਨਜ਼ਰਾਂ ਪਈਆਂ ਤਾਂ ਉਨਾਂ ਮਨੀਸ਼ਾ ਨੂੰ ਫੁੱਟਬਾਲ ਦੀ ਖੇਡ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਬੱਸ ਫਿਰ ਦ੍ਰਿੜ ਇਰਾਦੇ ਤੇ ਧੁਨ ਦੀ ਪੱਕੀ ਮਨੀਸ਼ਾ ਕਲਿਆਣ ਨੇ ਮੁੜ ਪਿਛਾਂਹ ਨਹੀਂ ਦੇਖਿਆ। 
ਆਰਥਿਕ ਤੰਗੀਆਂ ਤੇ ਸਮਾਜਿਕ ਪਾਬੰਦੀਆਂ ਦੀਆਂ ਅੜ੍ਹਚਨਾਂ ਨੂੰ ਸਿਦਕ ਤੇ ਮਿਹਨਤ ਨਾਲ  ਉਲੰਘ ਕੇ ਮਨੀਸ਼ਾ ਕਲਿਆਣ ਨੇ ਫੁੱਟਬਾਲ ਦੀ ਨਰਸਰੀ ਇਲਾਕਾ ਮਾਹਿਲਪੁਰ ਸੂਬੇ ਪੰਜਾਬ ਤੇ ਦੇਸ਼ ਭਾਰਤ ਦੇ ਨਾਂ ਨੂੰ ਚਾਰ ਚੰਦ ਲਾਏ। ਉਹ 2018 ਤੋਂ ਲੈ ਕੇ 2026 ਤੱਕ ਲਗਾਤਾਰ ਭਾਰਤੀ ਫੁੱਟਬਾਲ ਟੀਮ ਦੀ ਸਟਾਰ ਖਿਡਾਰਨ ਹੈ। ਉਸ ਨੂੰ ਦੋ ਵਾਰ ਇੰਡੀਆ ਦੀ ਸਾਲ ਦੀ ਸਭ ਤੋਂ ਵਧੀਆ ਫੁੱਟਬਾਲਰ ਚੁਣੇ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਸੈਫ਼ ਖੇਡਾਂ ਦੀ ਚੈਂਪੀਅਨ ਰਹੀ ਮੈਡਲ ਜਿੱਤੇ ਤੇ ਏਸੀਅਨ ਖੇਡਾਂ ਵਿੱਚ ਵੀ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ। 
ਉਸ ਨੇ ਰੂਸ ਤੇ ਬ੍ਰਾਜ਼ੀਲ ਖਿਲਾਫ਼ ਖੇਡਦਿਆਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ ਸਾਈਪ੍ਰਸ ਤੇ ਪੇਰੂ ਵਰਗੇ ਦੇਸ਼ਾਂ 'ਚ ਖੇਡਣ ਉਪਰੰਤ ਹੁਣ ਉਸ ਨੂੰ ਗ੍ਰੀਸ ਦੇ ਏ.ਈ.ਕੇ ਕਲੱਬ ਨੇ ਆਪਣੇਂ ਵਲੋਂ ਖੇਡਣ ਲਈ ਬੁਲਾਇਆ ਹੈ। ਏਨੇ ਉੱਚ ਪੱਧਰੀ ਮੁਕਾਬਲੇ ਖੇਡਣ ਦੇ ਸਮਰੱਥ ਹੋਣ ਤੇ ਜਿੱਤਣ ਦੇ ਬਾਵਜੂਦ ਮਨੀਸ਼ਾ ਬਹੁਤ ਹੀ ਨਿਮਰਤਾ ਭਰਪੂਰ,ਸਾਊ ਸੁਭਾਅ ਦੀ ਮਾਲਕ ਹੈ। ਉਸ ਦੀ ਦਿਲੀ ਚਾਹਤ ਹੈ ਕਿ ਪੰਜਾਬ ਤੇ ਭਾਰਤ ਸਰਕਾਰ ਉਸ ਨੂੰ ਉਸਦੀ ਬਣਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਪ੍ਰਦਾਨ ਕਰੇ ਤਾਂ ਜੋ ਉਹ ਲੰਬਾ ਸਮਾਂ ਸੂਬੇ ਤੇ ਦੇਸ਼ ਲਈ ਖੇਡ ਸਕੇ ਤੇ ਆਪਣੀਆਂ ਰੀਝਾਂ ਪੂਰੀਆਂ ਕਰ ਸਕੇ। 
ਵਿਦੇਸ਼ਾਂ ਵਿੱਚ ਭਾਵੇਂ ਉਸ ਨੂੰ ਪੂਰਾ ਮਾਣ ਸਨਮਾਨ ਮਿਲ ਰਿਹੈ ਪਰ ਉਸ ਦੇ ਦਿਲ ਅੰਦਰ ਦੇਸ਼ ਅੰਦਰ ਵਸਣ ਤੇ ਖੇਡਣ ਦੀ ਤਾਂਘ ਹੈ। ਅੱਜ ਫੁੱਟਬਾਲ ਪਲੇਅਰਜ਼ ਵੈਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਆਪਣੀਂ ਹੋਣਹਾਰ ਧੀ, ਮਹਾਨ ਫੁੱਟਬਾਲਰ ਮਨੀਸ਼ਾ ਕਲਿਆਣ ਨੂੰ ਜੱਦੀ ਘਰ ਜਾ ਸਨਮਾਨਿਤ ਕੀਤਾ ਤੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। 
ਇਸ ਮੌਕੇ ਸਰਦਾਰ ਦਲਜੀਤ ਸਿੰਘ ਬਿੱਟੂ, ਸੰਦੀਪ ਸੈਣੀਂ, ਯਸ਼ਪਾਲ ਜੱਸੀ, ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਤੇ ਮਨਜਿੰਦਰ ਸਿੰਘ ਮਾਹਿਲਪੁਰ ਮੌਜੂਦ ਸਨ। ਉਨ੍ਹਾਂ ਨੇ ਵੀ ਸਟਾਰ ਫੁੱਟਬਾਲਰ ਮਨੀਸ਼ਾ ਕਲਿਆਣ ਦੀ ਆਵਾਜ਼ ਨੂੰ ਸਰਕਾਰੇ ਦਰਬਾਰੇ ਪਹੁੰਚਾਉਣ ਤੇ ਯੋਗ ਰੁਜ਼ਗਾਰ ਦਿਵਾਉਣ ਲਈ ਯਤਨ ਕਰਨ ਦਾ ਭਰੋਸਾ ਦਿਵਾਇਆ।