ਸੈਂਟਰਲ ਆਯੂਰਵੇਦਿਕ ਰਿਸਰਚ ਸੈਂਟਰ ਵਿਖੇ ਫਸਟ ਏਡ ਸੀਪੀਆਰ ਟ੍ਰੇਨਿੰਗਾਂ ਕਰਵਾਈਆਂ
ਪਟਿਆਲਾ, 12 ਸਤੰਬਰ:- ਅੰਤਰਰਾਸ਼ਟਰੀ ਫਸਟ ਏਡ, ਸੀਪੀਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦਿਵਸ ਮੌਕੇ ਭਾਰਤ ਸਰਕਾਰ ਦੇ ਸੈਂਟਰਲ ਇੰਸਟੀਚਿਊਟ ਆਫ ਆਯੁਰਵੈਦਿਕ ਸੈਂਟਰ ਪਟਿਆਲਾ ਵਿਖੇ ਡਾਕਟਰਾਂ, ਨਰਸਾਂ ਅਤੇ ਦੂਜੇ ਸਟਾਫ਼ ਮੈਂਬਰਾਂ ਨੂੰ ਫਸਟ ਏਡ, ਸੀਪੀਆਰ ਦੀਆਂ ਟ੍ਰੇਨਿੰਗਾਂ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਟ੍ਰੇਨਿੰਗ ਅਫਸਰ ਸ਼੍ਰੀ ਕਾਕਾ ਰਾਮ ਵਰਮਾ ਵੱਲੋਂ ਦਿੱਤੀਆਂ ਗਈਆਂ।
ਸੀਨੀਅਰ ਡਾਕਟਰ ਇੰਚਾਰਜ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਵੱਲੋਂ ਹੁਣ ਵਿਦਿਆਰਥੀਆਂ, ਅਧਿਆਪਕਾਂ, ਐਨਸੀਸੀ ਕੈਡਿਟਾਂ, ਐਨਐਸਐਸ ਵਲੰਟੀਅਰਾਂ, ਕਰਮਚਾਰੀਆਂ ਤੋਂ ਇਲਾਵਾ ਡਾਕਟਰਾਂ, ਨਰਸਾਂ ਅਤੇ ਦੂਜੇ ਸਟਾਫ਼ ਮੈਂਬਰਾਂ ਨੂੰ ਵੀ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਲੈ ਕੇ ਕਿਸੇ ਵੀ ਕੁਦਰਤੀ, ਮੌਸਮੀ, ਮਨੁੱਖੀ ਆਫ਼ਤਾਂ, ਘਰੇਲੂ ਅਤੇ ਸੰਸਥਾਵਾਂ ਦੀਆਂ ਘਟਨਾਵਾਂ ਅਤੇ ਅਚਾਨਕ ਕਿਸੇ ਦੇ ਬੇਹੋਸ਼ੀ, ਦਿਲ, ਮਿਰਗੀ, ਸਦਮੇ ਦੇ ਦੌਰੇ, ਕਾਰਡੀਅਕ ਅਰੈਸਟ, ਅੰਦਰੂਨੀ ਰਤਵਾਹ, ਸਿਰ ਦੀਆਂ ਸੱਟਾਂ ਆਦਿ ਤੋਂ ਇਲਾਵਾ ਗੈਸਾਂ, ਧੂੰਏਂ, ਪਾਣੀ, ਮਲਵੇ ਵਿੱਚ ਫ਼ਸੇ ਲੋਕਾਂ ਨੂੰ ਰੈਸਕਿਊ ਕਰਕੇ ਮਰਨ ਤੋਂ ਬਚਾਉਣ ਦੀਆਂ ਟ੍ਰੇਨਿੰਗਾਂ ਲੈਣੀਆਂ ਜ਼ਰੂਰੀ ਹਨ।
ਡਾਕਟਰ ਤੋਮਰ ਐਸਐਮਓ ਨੇ ਸ਼੍ਰੀ ਵਰਮਾ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸ਼੍ਰੀ ਕਾਕਾ ਰਾਮ ਵਰਮਾ ਜੀ ਤੋਂ ਉੱਪਰ ਕੋਈ ਸਮਾਜ ਸੁਧਾਰਕ ਵਿਸ਼ਾ ਮਾਹਿਰ ਨਹੀਂ, ਜੋ ਇਨ੍ਹਾਂ ਸਾਰੇ ਵਿਸ਼ਿਆਂ ਬਾਰੇ ਇਕੱਲੇ ਹੀ ਟ੍ਰੇਨਿੰਗਾਂ ਦਿੰਦੇ ਰਹਿੰਦੇ ਹਨ।
ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਅਚਾਨਕ ਵਾਪਰ ਰਹੀਆਂ ਦੁਰਘਟਨਾਵਾਂ ਸਮੇਂ, ਪੀੜਤਾਂ ਦੀਆਂ ਮੌਤਾਂ ਰੋਕਣ ਲਈ ਹਰੇਕ ਘਰ, ਪਰਿਵਾਰ, ਵਿਉਪਾਰਕ ਅਦਾਰਿਆਂ, ਸੰਸਥਾਵਾਂ ਵਿਖੇ ਸਿੱਖਿਅਤ ਫਸਟ ਏਡਰ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ ਅਤੇ ਸਿਵਲ ਡਿਫੈਂਸ ਵਲੰਟੀਅਰਾਂ ਦਾ ਤਿਆਰ ਹੋਣਾ ਜ਼ਰੂਰੀ ਹੈ।
