ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਕੀਤੀ ਸਮੀਖਿਆ
ਹੁਸ਼ਿਆਰਪੁਰ:- ਡਿਪਟੀ ਕਮਿਸ਼ਨਰ **ਆਸ਼ਿਕਾ ਜੈਨ** ਨੇ ਜ਼ਿਲ੍ਹੇ ਵਿੱਚ ਚੱਲ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸਮੀਖਿਆ ਕਰਦਿਆਂ ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹਸਪਤਾਲ ਇਸ ਯੋਜਨਾ ਅਧੀਨ ਸੂਚੀਬੱਧ ਕਰਵਾਉਣ, ਤਾਂ ਜੋ ਜ਼ਿਲ੍ਹੇ ਦੇ ਹਰ ਖੇਤਰ ਦੇ ਲੋਕਾਂ ਨੂੰ ਆਪਣੇ ਨੇੜੇ ਹੀ ਮਿਆਰੀ ਇਲਾਜ ਦੀ ਸਹੂਲਤ ਮਿਲ ਸਕੇ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਨਿੱਜੀ ਹਸਪਤਾਲਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਚੌਥੇ ਸਥਾਨ 'ਤੇ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ **3,25,023** ਕਾਰਡ ਬਣਾਏ ਜਾ ਚੁੱਕੇ ਹਨ।
ਆਸ਼ਿਕਾ ਜੈਨ ਨੇ ਕਿਹਾ ਕਿ ਇਸ ਯੋਜਨਾ ਤਹਿਤ ਸੂਚੀਬੱਧ ਹਸਪਤਾਲਾਂ ਵਿੱਚ ਲਾਭਪਾਤਰੀਆਂ ਨੂੰ **10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ** ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਗਾ ਕੇ ਵੱਧ ਤੋਂ ਵੱਧ ਲੋਕਾਂ ਦੇ ਕਾਰਡ ਬਣਾਏ ਗਏ ਹਨ। ਇਹ ਰਜਿਸਟ੍ਰੇਸ਼ਨ ਸੀ.ਐੱਸ.ਸੀ. ਕੇਂਦਰਾਂ ਜਾਂ ਆਰੋਗਿਆ ਮਿੱਤਰ ਰਾਹੀਂ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਧਾਰ ਕਾਰਡ ਅਤੇ ਵੋਟਰ ਪਹਿਚਾਣ ਪੱਤਰ ਦੇ ਆਧਾਰ 'ਤੇ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ਦੇ **ਅੱਠ ਹਸਪਤਾਲ** ਇਸ ਯੋਜਨਾ ਤਹਿਤ ਸੂਚੀਬੱਧ ਹਨ। ਇਨ੍ਹਾਂ ਵਿੱਚ ਧਾਮੀ ਨਰਸਿੰਗ ਹੋਮ, ਨਾਰਦ ਹਸਪਤਾਲ, ਪੀ.ਆਰ.ਕੇ.ਐੱਮ. ਮਾਡਰਨ ਹਸਪਤਾਲ, ਝਾਂਜੀ ਹਸਪਤਾਲ, ਸਵਾਮੀ ਪ੍ਰੇਮਾਨੰਦ ਹਸਪਤਾਲ, ਪ੍ਰਵੇਸ਼ ਹਸਪਤਾਲ, ਮੈਥਨ ਏਪੈਕਸ ਹਸਪਤਾਲ ਅਤੇ ਸੈਂਟਰਲ ਹਸਪਤਾਲ ਸ਼ਾਮਲ ਹਨ, ਜਿੱਥੇ ਲਾਭਪਾਤਰੀ 10 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਜਨ-ਭਲਾਈ ਯੋਜਨਾ ਨਾਲ ਜੁੜਨ ਲਈ ਆਪਣੇ ਹਸਪਤਾਲਾਂ ਨੂੰ ਸੂਚੀਬੱਧ ਕਰਵਾਉਣ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲ **ump.pmjay.gov.in** ਪੋਰਟਲ ਰਾਹੀਂ ਇੰਪੈਨਲਮੈਂਟ ਲਈ ਅਰਜ਼ੀ ਦੇ ਸਕਦੇ ਹਨ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਵਿੱਚ ਇਸ ਯੋਜਨਾ ਤਹਿਤ ਹੁਣ ਤੱਕ ਵੱਖ-ਵੱਖ ਸੂਚੀਬੱਧ ਹਸਪਤਾਲਾਂ ਨੂੰ **1.84 ਕਰੋੜ ਰੁਪਏ** ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ ਇਸ ਯੋਜਨਾ ਦੀ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਾ ਪ੍ਰਮਾਣ ਹੈ।
