ਬੱਚਿਆਂ ਨੂੰ ਵੀ ਸਿਖਾਇਆ ਜਾ ਰਿਹਾ CPR BLS.
ਪਟਿਆਲਾ- ਛੋਟੇ ਛੋਟੇ ਬੱਚਿਆਂ, ਨੋਜਵਾਨਾਂ ਅਤੇ ਨਾਗਰਿਕਾਂ ਨੂੰ ਹਾਦਸੇ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਸਿਖਿਅਤ ਕਰਕੇ ਉਨ੍ਹਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਸ਼੍ਰੀ ਕਾਕਾ ਰਾਮ ਵਰਮਾ ਵਲੋਂ ਰੈੱਡ ਕਰਾਸ ਤੋਂ ਸੇਵਾ ਮੁਕਤ ਹੋਕੇ ਵੀ, ਪਿਛਲੇ 13 ਸਾਲਾਂ ਤੋਂ ਸਿਖਿਆ ਸੰਸਥਾਵਾਂ, ਪੁਲਿਸ, ਫੈਕਟਰੀਆਂ ਅਦਾਰਿਆਂ ਵਿਖੇ ਜਾਕੇ ਮੁਫ਼ਤ ਵਿੱਚ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਵਲੋਂ ਬੱਚਿਆਂ ਨੋਜਵਾਨਾਂ ਨੂੰ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ, ਮੁਢਲੀ ਸਹਾਇਤਾ, ਫਾਇਰ ਸੇਫਟੀ, ਅੱਗਾਂ ਗੈਸਾਂ ਬਿਜਲੀ ਪੈਟਰੋਲੀਅਮ ਘਟਨਾਵਾਂ ਸਮੇਂ ਆਪਣੇ ਬਚਾਅ, ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਦੇਕੇ, ਮੁਕਾਬਲੇ ਕਰਵਾਕੇ ਆਪਣੇ ਵਲੋਂ ਜੈਤੁ ਵਿਦਿਆਰਥੀਆਂ ਨੂੰ ਮੈਡਲ ਦੇਕੇ ਉਤਸ਼ਾਹਿਤ ਕੀਤਾ ਜਾਂਦਾ ਹੈ।
ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਵਲੋਂ ਆਪਣੇ ਮਾਪਿਆਂ ਨੂੰ ਵੀ ਸਿਖਾਇਆ ਜਾਂਦਾ ਕਿ ਘਰਾਂ, ਗੱਡੀਆਂ, ਕੰਮ ਵਾਲੀਆਂ ਥਾਵਾਂ ਤੇ ਦੁਰਘਟਨਾਵਾਂ ਘਟਾਉਣ ਅਤੇ ਬੇਹੋਸ਼, ਦਿਲ ਦੇ ਦੌਰੇ ਕਾਰਡੀਅਕ ਅਰੈਸਟ, ਸਿਰ ਦੀ ਅੰਦਰੂਨੀ ਸੱਟਾਂ, ਖੂਨ ਵਗਣ ਸਮੇਂ ਮੌਕੇ ਤੇ ਠੀਕ ਫਸਟ ਏਡ, ਸੀ ਪੀ ਆਰ, ਰਿਕਵਰੀ ਜਾਂ ਵੈਟੀਲੈਟਰ ਪੁਜੀਸ਼ਨ ਕਰਕੇ, ਪੀੜਤਾਂ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ।
ਸ਼੍ਰੀ ਰਾਮ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀ ਪ੍ਰਦੀਪ ਬਾਂਸਲ ਅਤੇ ਕੌਆਰਡੀਨੇਟਰ ਗਿੱਤਕਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਉਣ ਲਈ ਕੇਵਲ ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਹੀ ਜ਼ੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।
ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਵਲੋਂ ਵੀ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਖਿਡਾਰੀਆਂ ਕੋਚ ਸਾਹਿਬਾਨਾਂ ਅਤੇ ਕਰਮਚਾਰੀ ਨੂੰ ਟ੍ਰੇਨਿੰਗ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
