ਬਸਪਾ ਵਲੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਨੂੰ ਪੂਰਨ ਸਮਰਥਨ

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਵੱਲੋਂ ਵਿੱਢੀ ਗਈ 'ਪੰਜਾਬ ਸੰਭਾਲੋ ਮੁਹਿੰਮ' ਅੱਜ ਉਸ ਸਮੇਂ ਹੋਰ ਤੇਜ਼ ਹੋ ਗਈ ਜਦੋਂ ਬਸਪਾ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਹੁਸ਼ਿਆਰਪੁਰ ਵਿਖੇ ਹੜਤਾਲ 'ਤੇ ਬੈਠੇ ਸਫਾਈ ਕਰਮਚਾਰੀਆਂ ਦੇ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਪੂਰਨ ਸਮਰਥਨ ਦਾ ਐਲਾਨ ਕੀਤਾ ਅਤੇ ਠੇਕੇਦਾਰੀ ਸਿਸਟਮ ਨੂੰ ਕਰਮਚਾਰੀਆਂ ਦੇ ਸ਼ੋਸ਼ਣ ਦਾ ਮੁੱਖ ਕਾਰਨ ਦੱਸਿਆ। 
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਇਹ ਸਾਰੀਆਂ ਸਿਆਸੀ ਪਾਰਟੀਆਂ ਠੇਕੇਦਾਰੀ ਸਿਸਟਮ ਦੀਆਂ ਪੋਸ਼ਕ ਹਨ, ਜੋ ਸਿੱਧੇ ਤੌਰ 'ਤੇ ਕਰਮਚਾਰੀਆਂ ਦੇ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਲਈ ਜ਼ਿੰਮੇਵਾਰ ਹੈ। 
ਬਸਪਾ ਇਸ ਲੁੱਟ ਦੇ ਸਿਸਟਮ ਦੇ ਸਖ਼ਤ ਖ਼ਿਲਾਫ਼ ਹੈ ਅਤੇ ਕਰਮਚਾਰੀਆਂ ਦੇ ਹੱਕਾਂ ਦੀ ਲੜਾਈ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਕਰੀਮਪੁਰੀ ਨੇ ਮੌਜੂਦਾ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਸਮੂਹ ਕੱਚੇ ਕਰਮਚਾਰੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਪੱਕਾ ਕੀਤਾ ਜਾਵੇ, ਆਪਣੇ ਚੋਣ ਵਾਅਦੇ ਮੁਤਾਬਿਕ ਪੁਰਾਣੀ ਪੈਨਸ਼ਨ ਸਕੀਮ  ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀ ਜਾਵੇ, ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਬਕਾਇਆ 18% ਡੀ.ਏ. ਤੁਰੰਤ ਜਾਰੀ ਕੀਤਾ ਜਾਵੇ। 
ਕਰੀਮਪੁਰੀ ਨੇ ਪੰਜਾਬ ਸੰਭਾਲੋ ਮੁਹਿੰਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਪੰਜਾਬ ਦੀ ਜਨਤਾ ਬਸਪਾ ਦੀ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦੇ ਕੇ ਸੱਤਾ ਵਿੱਚ ਲਿਆਉਂਦੀ ਹੈ, ਤਾਂ ਸਰਕਾਰ ਬਣਦਿਆਂ ਹੀ 100% ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਅੰਤ ਵਿੱਚ ਕਿਹਾ ਕਿ 'ਪੰਜਾਬ ਸੰਭਾਲੋ ਮੁਹਿੰਮ' ਦਾ ਮਕਸਦ ਸੂਬੇ ਨੂੰ ਇਹਨਾਂ ਲੁਟੇਰੀਆਂ ਪਾਰਟੀਆਂ ਤੋਂ ਮੁਕਤ ਕਰਵਾ ਕੇ ਲੋਕ-ਪੱਖੀ ਰਾਜ ਸਥਾਪਿਤ ਕਰਨਾ ਹੈ। ਇਸ ਮੌਕੇ ਪਾਰਟੀ ਦੇ ਜੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਸਟੇਟ ਜਨਰਲ ਸੈਕਟਰੀ ਠੇਕੇਦਾਰ ਭਗਵਾਨ ਦਾਸ ਸਿੱਧੂ  ਨੇ ਵੀ ਸੰਬੋਧਨ ਕੀਤਾ। 
ਇਸ ਮੌਕੇ ਸਟੇਟ ਸੈਕਟਰੀ ਮਨਿੰਦਰ ਸਿੰਘ ਸ਼ੇਰਪੁਰੀ, ਸੁਖਦੇਵ ਬਿੱਟਾ ਸਟੇਟ ਸੈਕਟਰੀ, ਜਿਲਾ ਜਨਰਲ ਸੈਕਟਰੀ ਧਰਮਿੰਦਰ ਦਾਦਰਾ ਐਡਵੋਕੇਟ, ਜਿਲਾ ਉਪ ਪ੍ਰਧਾਨ ਸੋਮਨਾਥ ਬੈਂਸ, ਮਦਨ ਸਿੰਘ ਬੈਂਸ ਇਨਚਾਰਜ ਵਿਧਾਨ ਸਭਾ ਹੁਸ਼ਿਆਰਪੁਰ, ਜਗਮੋਨ ਸੱਜਣਾ ਸਰਪੰਚ, ਵਿਜੇ ਖਾਨਪੁਰੀ, ਹਰਜੀਤ ਲਾਡੀ, ਯਸ਼ ਭੱਟੀ,ਵਰਿੰਦਰ ਬੱਧਣ , ਇੰਜ. ਸਤਪਾਲ ਭਾਰਦਵਾਜ, ਰਮਨ ਰਲ, ਕੁਲਵੰਤ ਸਿੰਘ ਸੈਣੀ ਪ੍ਰਧਾਨ ਸਫਾਈ ਸੇਵਕ ਕਰਮਚਾਰੀ, ਕਰਨਜੋਤ ਆਦੀਆ, ਸੋਮਨਾਥ ਆਦੀਆ, ਬਿਕਰਮਜੀਤ ਬੰਟੀ, ਨਰੇਸ਼ ਕੁਮਾਰ, ਜੋਗਿੰਦਰ ਪਾਲ ਤੋਂ ਇਲਾਵਾ ਹੋਰ ਆਗੂ ਅਤੇ ਵੱਡੀ ਗਿਣਤੀ ਵਿੱਚ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਮੌਜੂਦ ਸਨ।