ਐਡਵੋਕੇਟ ਸ਼ੈਲੀ ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ
ਜਲੰਧਰ:- ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਐਡਵੋਕੇਟ ਬਰਿੰਦਰਜੀਤ ਸਿੰਘ ਤੇਜਾ ਉਰਫ਼ ਸ਼ੈਲੀ ਆਪਣੀ ਵਤਨ ਫੇਰੀ ਦੌਰਾਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਦਫ਼ਤਰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤਸ਼ਰੀਫ਼ ਲਿਆਏ। ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਅਤੇ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਨਾਲ ਜੁੜੀਆਂ ਆਪਣੀ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਸ ਮੁਕੱਦਸ ਸਥਾਨ ਅਤੇ ਏਥੋਂ ਦੀਆਂ ਮਹਾਨ ਦੇਸ਼ ਭਗਤ ਹਸਤੀਆਂ ਦਾ ਮੇਰੇ ਜੀਵਨ ਵਿੱਚ ਅਹਿਮ ਸਥਾਨ ਹੈ।
ਮੈਂ ਜੀਵਨ ਵਿੱਚ ਕੰਮ ਆਉਣ ਵਾਲੇ ਅਤੇ ਬਿਹਤਰ ਇਨਸਾਨ ਬਣਨ ਵਾਲੇ ਬੇਹੱਦ ਬੇਸ਼ ਕੀਮਤੀ ਵਿਚਾਰ ਏਥੋਂ ਹੀ ਹਾਸਿਲ ਕੀਤੇ ਹਨ। ਉਨ੍ਹਾਂ ਦਾ ਸਵਾਗਤ ਤੇ ਸਨਮਾਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਡਾ. ਗੋਪਾਲ ਸਿੰਘ ਬੁੱਟਰ, ਟਰੱਸਟੀ ਕਾ. ਚਰੰਜੀਲਾਲ ਕੰਗਣੀਵਾਲ, ਪ੍ਰੋ. ਹਰਵਿੰਦਰ ਭੰਡਾਲ ਅਤੇ ਕਾ. ਸੁਰਿੰਦਰ ਕੁਮਾਰੀ ਕੋਛੜ ਨੇ ਉਨ੍ਹਾਂ ਨੂੰ ਬਾਬਾ ਬਿਲਗਾ ਜੀ ਦੀ ਇਤਿਹਾਸਕ ਮਹੱਤਵ ਵਾਲੀ ਪੁਸਤਕ 'ਗ਼ਦਰ ਲਹਿਰ ਦੇ ਅਣਫੋਲੇ ਵਰਕੇ' ਦਾ ਅੰਗਰੇਜ਼ੀ ਰੂਪ ਉਨ੍ਹਾਂ ਨੂੰ ਭੇਂਟ ਕੀਤਾ।
ਪ੍ਰੋ. ਬੁੱਟਰ ਨੇ ਐਡਵੋਕੇਟ ਸ਼ੈਲੀ ਦੇ ਦੇਸ਼ ਭਗਤ ਯਾਦਗਾਰ ਕਮੇਟੀ ਲਗਾਓ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਨਾਲ ਨਾਤਾ ਜੋੜੀ ਰੱਖਣ ਦੀ ਅਪੀਲ ਕੀਤੀ।
