ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ

ਗੜ੍ਹਸ਼ੰਕਰ,  18 ਦਸੰਬਰ 2025:- ਹਲਕਾ ਗੜ੍ਹਸ਼ੰਕਰ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ  ਨੇ ਜਿੱਥੇ ਭਾਰੀ ਜਿੱਤ ਹਾਸਿਲ ਕੀਤੀ ਉੱਥੇ  ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਲਾਕ ਸੰਮਤੀ ਦੀਆਂ 23 ਸੀਟਾਂ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ 4 ਸੀਟਾਂ ਜਿੱਤ ਕੇ ਵੱਡੀ ਅਤੇ ਇਤਿਹਾਸਕ ਕਾਮਯਾਬੀ ਹਾਸਲ ਕੀਤੀ ਹੈ।  
ਇਹ ਜਿੱਤ ਆਮ ਆਦਮੀ ਪ੍ਰਤੀ ਲੋਕਾਂ ਦੇ ਭਰੋਸੇ, ਉਮੀਦਾਂ ਅਤੇ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਵੱਲੋਂ ਕੀਤੇ ਕੰਮ ਕਾਰਾਂ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦਰਸਾਉਂਦੀ ਹੈ। ਚੋਣ ਨਤੀਜੇ ਐਲਾਨ ਹੋਣ ਤੋਂ ਬਾਅਦ ਹਲਕਾ ਗੜ੍ਹਸ਼ੰਕਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। 
ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਜਿੱਤ ਦੀ ਖੁਸ਼ੀ ਮਨਾਈ ਗਈ ਅਤੇ ਲੋਕਾਂ ਨੇ ਇਸ ਜਿੱਤ ਦਾ ਤਾਜ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਰੋੜੀ ਨੂੰ ਦਿੱਤਾ। ਪਾਰਟੀ ਵਰਕਰਾਂ ਨੇ ਕਿਹਾ ਕਿ ਇਹ ਨਤੀਜਾ ਲੰਮੇ ਸਮੇਂ ਦੀ ਮਿਹਨਤ, ਹਲਕਾ ਵਿਧਾਇਕ ਰੌੜੀ ਦੇ ਜਨਤਾ ਨਾਲ ਸਿੱਧੇ ਸੰਪਰਕ ਅਤੇ ਸਰਕਾਰ ਦੀ ਲੋਕ-ਹਿਤੈਸ਼ੀ ਨੀਤੀਆਂ ਕਾਰਨ ਸੰਭਵ ਹੋ ਸਕਿਆ ਹੈ।
ਹਲਕਾ ਗੜ੍ਹਸ਼ੰਕਰ ਦੇ ਵੋਟਰਾਂ ਨੇ ਇਹ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹਨਾਂ ਵੱਲੋਂ ਵਿਕਾਸਮੁਖੀ ਤੇ ਇਮਾਨਦਾਰ ਸੋਚ ਵਾਲੀ ਰਾਜਨੀਤੀ ਨੂੰ ਤਰਜੀਹ ਦਿੱਤੀ ਗਈ ਤੇ ਅੱਗੇ ਵੀ ਇਸੇ ਤਰ੍ਹਾਂ ਆਮ ਆਦਮੀ ਸਰਕਾਰ ਦਾ ਸਾਥ ਦੇਣਗੇ।
ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ  ਨੇ ਜਿੱਥੇ ਪਾਰਟੀ ਦੇ ਹਰ ਵਰਕਰ ਦਾ ਧੰਨਵਾਦ ਕੀਤਾ ਉੱਥੇ ਹਲਕਾ ਗੜ੍ਹਸ਼ੰਕਰ ਦੀ ਜਨਤਾ ਦਾ ਵੀ  ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਪਾਰਟੀ ਦੀ ਨਹੀਂ, ਸਗੋਂ ਹਲਕੇ ਦੇ ਹਰ ਇੱਕ ਵਿਅਕਤੀ ਦੀ ਜਿੱਤ ਹੈ। ਜੋ ਇਮਾਨਦਾਰ ਪ੍ਰਸ਼ਾਸਨ ਅਤੇ ਬਿਹਤਰ ਭਵਿੱਖ ਦੀ ਆਸ ਰੱਖਦਾ ਹੈ। 
ਰੋੜੀ ਵੱਲੋਂ ਪਾਰਟੀ ਵੱਲੋਂ ਜਿੱਤੇ ਆਗੂਆਂ ਦਾ ਜਿੱਥੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉੱਥੇ ਇਹ ਭਰੋਸਾ ਦਿਵਾਇਆ ਕਿ  ਨਵੀਂ ਚੁਣੀ ਗਈ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਪੂਰੀ ਜ਼ਿੰਮੇਵਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰਨਗੇ। ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਸੜਕਾਂ, ਪੀਣ ਵਾਲੇ ਪਾਣੀ, ਸਫ਼ਾਈ, ਸਿਹਤ ਸੇਵਾਵਾਂ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ।
 ਇਸ ਦੇ ਨਾਲ-ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ, ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਗਰੀਬ ਵਰਗ ਦੀ ਭਲਾਈ ਲਈ ਵਿਸ਼ੇਸ਼ ਯੋਜਨਾਵਾਂ ਨੂੰ ਲਾਗੂ ਕੀਤਾ ਜਾਵੇਗਾ। ਰੋੜੀ ਨੇ ਕਿਹਾ ਕਿ ਇਹ ਜਿੱਤ ਪਿੰਡਾਂ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ। ਜ਼ਿਲ੍ਹਾ ਪਰਿਸ਼ਦ ਦੀਆਂ  4 ਸੀਟਾਂ ’ਤੇ ਜਿੱਤ ਹਾਸਲ ਕਰਨਾ ਪਾਰਟੀ ਲਈ ਇੱਕ ਵੱਡੀ ਉਪਲਬਧੀ ਹੈ, ਜੋ ਜ਼ਿਲ੍ਹਾ ਪੱਧਰ ’ਤੇ ਨੀਤੀਗਤ ਫੈਸਲਿਆਂ ਵਿੱਚ ਪਾਰਟੀ ਦੀ ਭੂਮਿਕਾ ਨੂੰ ਮਜ਼ਬੂਤ ਕਰੇਗੀ।