ਲੁਧਿਆਣਾ 22 ਨਵੰਬਰ 2024: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ 25 ਨਵੰਬਰ 2024 ਤੋਂ 05 ਦਸੰਬਰ 2024 ਤੱਕ ਯੁਵਕ ਮੇਲਾ ਆਯੋਜਿਤ ਕਰ ਰਹੀ ਹੈ। ਇਹ ਯੁਵਕ ਮੇਲਾ ਦੋ ਪੜਾਵਾਂ ਵਿਚ ਕਰਵਾਇਆ ਜਾਏਗਾ। ਪਹਿਲਾ ਪੜਾਅ 25 ਨਵੰਬਰ ਤੋਂ 28 ਨਵੰਬਰ ਤੱਕ ਅਤੇ ਦੂਸਰਾ ਪੜਾਅ 03 ਦਸੰਬਰ ਤੋਂ 05 ਦਸੰਬਰ ਤਕ ਹੋਵੇਗਾ। ਇਹ ਜਾਣਕਾਰੀ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦਿੱਤੀ। ਇਸ ਵਕਤ ਵਿਦਿਆਰਥੀਆਂ ਵਿਚ ਇਸ ਮੇਲੇ ਲਈ ਭਾਰੀ ਉਤਸਾਹ ਅਤੇ ਚਾਹ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਵਿਦਿਆਰਥੀ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਬੜੀਆਂ ਜ਼ਿਕਰਯੋਗ ਕਾਰਗੁਜ਼ਾਰੀਆਂ ਦਰਜ ਕਰਦੇ ਹਨ ਅਤੇ ਖੇਤੀਬਾੜੀ ਤੇ ਵੈਟਨਰੀ ਯੂਨੀਵਰਸਿਟੀਆਂ ਦੇ ਸਰਬ ਹਿੰਦ ਯੁਵਕ ਮੇਲਿਆਂ ਵਿੱਚ ਇਨਾ੍ਹਂ ਵਿਦਿਆਰਥੀਆਂ ਨੇ ਕਈ ਅਹਿਮ ਪ੍ਰਤੀਯੋਗਤਾਵਾਂ ਵਿੱਚ ਇਨਾਮ ਹਾਸਿਲ ਕੀਤੇ ਹਨ
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਯੁਵਕ ਮੇਲਾ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਨ ਤੇ ਲੱਭਣ ਦਾ ਇਕ ਵਧੀਆ ਮੰਚ ਬਣਦਾ ਹੈ। ਡਾ . ਬਰਾੜ ਨੇ ਦੱਸਿਆ ਕਿ ਮੇਲੇ ਦੇ ਸਾਰੇ ਕਾਰਜਾਂ ਤੇ ਪ੍ਰਬੰਧਾਂ ਨੂੰ ਸੁਚਾਰੂ ਤਰੀਕੇ ਨਾਲ ਸਿਰੇ ਚੜਾਉਣ ਲਈ ਕਮੇਟੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ।
ਮੇਲੇ ਵਿੱਚ ਕਰਵਾਏ ਜਾਣ ਵਾਲੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਾ. ਏ ਪੀ ਐਸ ਬਰਾੜ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਪੜਾਅ ਵਿਚ ਵਿੱਚ 25 ਨਵੰਬਰ ਨੂੰ ਫੋਟੋਗ੍ਰਾਫੀ, ਕਵਿਜ਼, ਕਾਰਟੂਨ ਬਨਾਉਣ ਅਤੇ ਪੋਸਟਰ ਬਨਾਉਣ, 26 ਨਵੰਬਰ ਨੂੰ ਮੌਕੇ ’ਤੇ ਚਿੱਤਰਕਾਰੀ, ਕੋਲਾਜ ਮੇਕਿੰਗ, ਭਾਸ਼ਣਕਾਰੀ ਅਤੇ ਕਾਵਿ-ਉਚਾਰਣ, 27 ਨਵੰਬਰ ਨੂੰ ਰੰਗੋਲੀ, ਕਲੇ ਮਾਡਲਿੰਗ ਅਤੇ ਇੰਸਟਾਲੇਸ਼ਨ, 28 ਨਵੰਬਰ ਨੂੰ ਰਚਨਾਤਮਕ ਲੇਖਣੀ, ਮੌਕੇ ’ਤੇ ਭਾਸ਼ਣਕਾਰੀ ਅਤੇ ਵਾਦ-ਵਿਵਾਦ ਮੁਕਾਬਲੇ ਹੋਣਗੇ। ਦੂਸਰੇ ਪੜਾਅ ਵਿਚ 03 ਦਸੰਬਰ ਨੂੰ ਉਦਘਾਟਨ ਸਮਾਰੋਹ, ਲੋਕ ਗੀਤ, ਰਚਨਤਾਮਕ ਨਾਚ, ਸ਼ਬਦ ਗਾਇਨ, ਸੁਗਮ ਸੰਗੀਤ ਅਤੇ ਸਮੂਹ ਗਾਨ (ਭਾਰਤੀ) ਹੋਣਗੇ। 04 ਦਸੰਬਰ ਨੂੰ ਮਾਈਮ, ਸਕਿਟ, ਮਿਮਕਰੀ ਅਤੇ ਇਕਾਂਗੀ ਨਾਟਕ ਜਦਕਿ ਸਮਾਪਨ ਦਿਨ 05 ਦਸੰਬਰ ਨੂੰ ਸਮੂਹ ਨਾਚ ਤੇ ਲੋਕ ਨਾਚ ਦੇ ਮੁਕਾਬਲੇ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਇਸੇ ਦਿਨ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਜਾਵੇਗਾ। ਡਾ. ਨਿਧੀ ਸ਼ਰਮਾ, ਸੰਯੁਕਤ-ਪ੍ਰਬੰਧਕੀ ਸਕੱਤਰ ਨੇ ਕਿਹਾ ਕਿ ਅਜਿਹੇ ਮੇਲਿਆਂ ਨਾਲ ਵਿਦਿਆਰਥੀਆਂ ਦਾ ਜਿੱਥੇ ਆਪਸ ਵਿੱਚ ਸਹਿਚਾਰ ਵਧਦਾ ਹੈ ਉੱਥੇ ਉਨ੍ਹਾਂ ਅੰਦਰ ਨਵਾਂ ਵਿਸ਼ਵਾਸ ਵੀ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਰਾ ਯੁਵਕ ਮੇਲਾ ਪੂਰਨ ਨਿਯਮਾਂ ਅਤੇ ਕਾਇਦੇ ਅਨੁਸਾਰ ਕਰਵਾਇਆ ਜਾਵੇਗਾ।
ਡਾ. ਪਰਕਾਸ਼ ਸਿੰਘ ਬਰਾੜ ਨੇ ਆਸ ਪ੍ਰਗਟਾਈ ਕਿ ਵਿਦਿਆਰਥੀ ਅਤੇ ਦਰਸ਼ਕ ਇਸ ਯੁਵਕ ਮੇਲੇ ਦਾ ਭਰਪੂਰ ਲੁਤਫ਼ ਉਠਾਉਣਗੇ ਅਤੇ ਸੋਹਣੀਆਂ, ਰੰਗੀਨ, ਖੁਸ਼ੀ ਤੇ ਖੇੜੇ ਵਾਲੀਆਂ ਯਾਦਾਂ ਲੈ ਕੇ ਜਾਣਗੇ।
You May Also Like
ਮਹਾਰਾਜਾ ਅਗਰਸੇਨ ਜਯੰਤੀ 10 ਅਕਤੂਬਰ ਨੂੰ ਲਾਲ ਕਿਲੇ 'ਤੇ ਸ਼ਾਨਦਾਰ ਤਰੀਕੇ ਨਾਲ ਮਨਾਈ ਜਾਵੇਗੀ: ਵਿਪਿਨ ਗੋਯਲ
Police Administration and Sangharsh Committee Reach Agreement, Tippers Will Not Operate from 7 AM to 7 PM
ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ