ਜਲੰਧਰ:- ਆਜ਼ਾਦੀ ਸੰਗਰਾਮ ਦੇ ਇਤਿਹਾਸ ਅੰਦਰ 9 ਅਗਸਤ 1925 ਦਾ ਦਿਹਾੜਾ ਕਾਕੋਰੀ (ਉਤਰ ਪ੍ਰਦੇਸ਼) ਕਾਂਡ ਨੂੰ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ 19 ਦਸੰਬਰ 1927 ਨੂੰ ਫਾਂਸੀ ਲੱਗਣ ਵਾਲੇ ਸ਼ਹੀਦ ਅਸ਼ਫ਼ਾਕ਼ ਉੱਲਾ ਖਾਂ, ਸ਼ਹੀਦ ਰਾਮ ਪ੍ਰਸਾਦ ਬਿਸਮਿਲ ਅਤੇ ਸ਼ਹੀਦ ਠਾਕੁਰ ਰੌਸ਼ਨ ਸਿੰਘ ਦੀ ਯਾਦ ਚ ਸ਼ਾਹਜਹਾਂਪੁਰ (ਯੂਪੀ) ਦੇ ਪਾਰਕ ਚ ਲੱਗੇ ਬੁੱਤਾਂ ਨੂੰ ਮਲੀਆ ਮੇਟ ਕਰਕੇ ਸ਼ਹਿਰ ਦੇ ਮਲਬੇ ਦੇ ਮਹਾਂ ਡੰਪ ਵਿੱਚ ਸੁੱਟ ਦਿੱਤੇ ਜਾਣ ਦੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਕਮੇਟੀ ਦਾ ਕਹਿਣਾ ਹੈ ਕਿ ਪਹਿਲਾਂ ਬਰਤਾਨਵੀ ਹਕੂਮਤ ਨੇ ਇਹਨਾਂ ਦੇਸ਼ ਭਗਤਾਂ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾਇਆ ਹੁਣ ਦੂਜੀ ਵਾਰ ਭਾਜਪਾ ਦੀ ਡਬਲ ਇੰਜਣ ਸਰਕਾਰ ਨੇ ਉਹਨਾਂ ਦੇਸ਼ ਭਗਤਾਂ ਨੂੰ 'ਮੌਤ ਦੇ ਘਾਟ' ਉਤਾਰਿਆ ਹੈ ਜਿਸ ਖ਼ਿਲਾਫ਼ ਸ਼ਾਹਜਹਾਂਪੁਰ ਅਤੇ ਹੋਰਨਾਂ ਥਾਵਾਂ ਤੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।
ਸ਼ਹੀਦ ਅਸ਼ਫ਼ਾਕ਼ ਉੱਲਾ ਖਾਂ ਦੇ ਪੜਪੋਤਰੇ ਜਿਸਦਾ ਨਾਮ ਵੀ ਪਰਿਵਾਰ ਨੇ ਸੱਚ ਮੁੱਚ ਅਸ਼ਫਾਕ ਉੱਲਾ ਖਾਂ ਹੀ ਰੱਖਿਆ ਹੈ ਉਹਨਾਂ ਅਤੇ ਯੂ ਪੀ ਦੇ ਨਾਮਵਰ ਵਿਦਵਾਨ ਲੇਖਕ ਸੁਧੀਰ ਵਿਦਿਆਰਥੀ, ਹਿਮਾਂਸ਼ੂ ਕੁਮਾਰ, ਪ੍ਰੋ ਵੇਦ ਵਟੁਕ ਨੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ਼ ਫ਼ੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਦੇਸ਼ ਦੁਨੀਆ ਅੰਦਰ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਸੀ ਉਸੇ ਦਿਨ ਸਰਘੀ ਵੇਲੇ ਕੋਈ ਤੜਕੇ ਤਿੰਨ ਵਜੇ ਲੋਕਾਂ ਤੋਂ ਚੋਰੀ ਬਿਨਾਂ ਕਿਸੇ ਸੂਚਨਾ ਦੇ ਇਸ ਪਾਰਕ ਵਿੱਚ ਲੱਗੇ ਬੁੱਤਾਂ ਨੂੰ ਮਲੀਆ ਮੇਟ ਕਰ ਦਿੱਤਾ।
ਹੁਣ ਜਦੋਂ ਜਨਤਾ ਵਿੱਚ ਬੇਚੈਨੀ ਦੇਖੀ ਤਾਂ ਕਾਨੂੰਨੀ ਕਾਰਵਾਈ ਕਰਨ ਦੀਆਂ ਗੱਲਾਂ ਕਰਕੇ ਠੰਢਾ ਛਿੜਕਿਆ ਜਾ ਰਿਹਾ ਹੈ। 1972 ਦੀ ਗੱਲ ਹੈ ਜਦੋਂ ਨਗਰ ਪਾਲਿਕਾ ਦੇ ਪ੍ਰਧਾਨ ਸ੍ਰੀ ਵਾਸ ਦੇਵ ਗੁਪਤਾ ਨੇ ਇਹਨਾਂ ਬੁੱਤਾਂ ਨੂੰ ਸਥਾਪਿਤ ਕੀਤਾ ਸੀ। ਵਿਦਵਾਨ ਲੇਖਕ ਸੁਧੀਰ ਵਿਦਿਆਰਥੀ ਨੇ ਬਹੁਤ ਹੀ ਬੇਬਾਕੀ ਨਾਲ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਬੀਤੇ ਨੌ ਸਾਲਾਂ ਤੋਂ ਚੁਣਿਆ ਜਾਂਦਾ ਵਿਧਾਇਕ ਤੇ ਅੱਜ ਕੱਲ੍ਹ ਵਿੱਤ ਮੰਤਰੀ ਸੁਰੇਸ਼ ਖੰਨਾ ਦੇ ਹੁਕਮਾਂ ਬਿਨਾਂ ਇਸ ਖੇਤਰ ਅੰਦਰ ਪੱਤਾ ਵੀ ਨਹੀਂ ਹਿੱਲ ਸਕਦਾ।
ਉਹਨਾਂ ਸਪਸ਼ਟ ਕਿਹਾ ਕਿ ਇਹ ਕੋਈ ਅਚਨਚੇਤ ਜਾਂ ਕਿਸੇ ਤਕਨੀਕੀ ਕਿਸਮ ਦੀ ਗਲਤੀ ਕਾਰਨ ਨਹੀਂ ਵਾਪਰਿਆ ਇਹ ਭਾਜਪਾ ਦੇ ਉਸ ਏਜੰਡੇ ਦਾ ਹਿੱਸਾ ਹੈ ਜਿਸ ਵਿੱਚ ਉਹ ਇਨਕਲਾਬੀ ਇਤਿਹਾਸ, ਯਾਦਗਾਰਾਂ, ਸਾਹਿਤ, ਮਿਊਜ਼ੀਅਮ ਅਤੇ ਹੋਰ ਉਹ ਨਿਸ਼ਾਨੀਆ ਜਿਹੜੀਆਂ ਵੀ ਸਾਮਰਾਜਵਾਦ ਦੇ ਖ਼ਿਲਾਫ਼ ਕੌਮੀ ਆਜ਼ਾਦੀ ਦੀ ਤਵਾਰੀਖ਼ ਦੀ ਗਵਾਹੀ ਭਰਦੀਆਂ ਹਨ ਅਤੇ ਸਾਡੇ ਸਮਿਆਂ ਅੰਦਰ ਲੋਕਾਂ ਨੂੰ ਦੇਸ਼ ਭਗਤੀ ਦੀ ਭਾਵਨਾ ਦੇ ਰੰਗ ਵਿਚ ਰੰਗਦੀਆਂ ਹਨ ਉਹਨਾਂ ਨੂੰ ਮਿਟਾਉਣ ਲਈ ਹਰ ਹਰਬਾ ਵਰਤਿਆ ਜਾ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਤਰਫ਼ੋਂ ਇਲਜ਼ਾਮ ਲਾਇਆ ਹੈ ਕਿ ਜਿਉਂ ਜਿਉਂ ਸਾਮਰਾਜੀ ਤਾਕਤਾਂ, ਉਹਨਾਂ ਦੀਆਂ ਬਹੁ ਕੌਮੀ ਕੰਪਨੀਆਂ ਅਤੇ ਦੇਸੀ ਅਜਾਰੇਦਾਰ ਕੰਪਨੀਆਂ ਦਾ ਗਲਬਾ ਵਧਦਾ ਜਾ ਰਿਹਾ ਹੈ ਤਿਉਂ ਤਿਉਂ ਹਾਕਮਾਂ ਨੂੰ ਇਹ ਭੈਅ ਖਾਂਦਾ ਹੈ ਕਿ ਸਾਮਰਾਜੀ ਕੰਪਨੀਆਂ ਅਤੇ ਉਹਨਾਂ ਦੀ ਸੇਵਾ 'ਚ ਭੁਗਤ ਰਹੇ ਭਾਰਤੀ ਹਾਕਮਾਂ ਦੇ ਖ਼ਿਲਾਫ਼ ਮੁਲਕ ਅੰਦਰ ਪੈਦਾ ਹੋਣ ਜਾ ਰਹੇ ਜਨਤਕ ਵਿਦਰੋਹ, ਆਜ਼ਾਦੀ ਸੰਗਰਾਮ ਦੀ ਇਨਕਲਾਬੀ ਤਵਾਰੀਖ਼ ਤੋਂ ਪ੍ਰੇਰਨਾ ਲੈ ਕੇ ਲੋਕ ਸੰਗਰਾਮ ਦੇ ਪਿੜ ਮਘਾਉਣ ਲਈ ਅੱਗੇ ਆਉਣ ਵਾਲੇ ਤੂਫ਼ਾਨਾਂ ਨੂੰ ਡੱਕਣ ਲਈ ਸ਼ਹੀਦਾਂ ਦੇ ਬੁੱਤ ਤੋੜਨ ਵਰਗੇ ਬੇਸ਼ਰਮੀ ਭਰੇ ਕਦਮ ਚੁੱਕੇ ਜਾ ਰਹੇ ਹਨ।
ਕਮੇਟੀ ਨੇ ਇਹ ਵੀ ਦੱਸਿਆ ਹੈ ਕਿ ਇਉਂ ਹੀ ਜਲ੍ਹਿਆਂਵਾਲਾ ਬਾਗ ਦੇ ਵਿੱਚ ਪਈਆਂ ਇਤਿਹਾਸਿਕ ਵਸਤਾਂ, ਲਿਖਤਾਂ, ਗੋਲੀਆਂ ਦੇ ਨਿਸ਼ਾਨ, ਲੋਕ ਨਾਇਕਾਂ ਦੀਆਂ ਨਿਸ਼ਾਨੀਆਂ ਮਿਟਾਉਣ ਲਈ ਯਤਨ ਕੀਤਾ ਜਾ ਰਿਹਾ ਹੈ। ਕਮੇਟੀ ਨੇ ਇਸ ਵਰਤਾਰੇ ਦੇ ਖ਼ਿਲਾਫ਼ ਉਠ ਖੜੇ ਹੋਣ ਲਈ ਸਭਨਾ ਇਨਕਲਾਬੀ ਜਮਹੂਰੀ ਲੋਕ ਪੱਖੀ ਸ਼ਕਤੀਆਂ ਨੂੰ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਕਮੇਟੀ ਨੇ ਸਮੂਹ ਜੱਥੇਬੰਦੀਆਂ ਅਤੇ ਪਰਿਵਾਰਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 27 ਮਾਰਚ ਨੂੰ ਸਵੇਰੇ 11 ਵਜੇ ਮਨਾਏ ਜਾ ਰਹੇ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਪੁੱਜ ਕੇ ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤਾਂ ਨੂੰ ਤੋੜੇ ਜਾਣ ਖ਼ਿਲਾਫ਼ ਆਵਾਜ਼ ਉਠਾਉਣ ਲਈ ਸਿਰ ਜੋੜਨ ਦਾ ਸੱਦਾ ਦਿੱਤਾ ਹੈ।
ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤ ਤੋੜੇ ਜਾਣ ਖ਼ਿਲਾਫ਼ 27 ਨੂੰ ਆਵਾਜ਼ ਬੁਲੰਦ ਕਰੇਗਾ ਵਿਸ਼ਵ ਰੰਗਮੰਚ ਦਿਹਾੜਾ ਸਮਾਗਮ
