ਪਟਿਆਲਾ 14 ਜੁਲਾਈ- ਇੰਟਰਨੈਸ਼ਨਲਿਸਟ ਡੈਮੋਕਰੇਟਿਕ ਪਲੇਟਫਾਰਮ , (ਆਈਡੀਪੀ )ਦੀ ਜਿਲਾ ਕਮੇਟੀ ਦੀ ਇਕੱਤਰਤਾ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਜਿਲਾ ਪ੍ਰਧਾਨ ਮਨਪ੍ਰੀਤ ਕੌਰ ਰਾਜਪੁਰਾ ਦੀ ਅਗਵਾਈ ਹੇਠ ਕੀਤੀ ਗਈ । ਜਿਸ ਵਿੱਚ ਆਈਡੀਪੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਧਨੇਠਾ  , ਗੁਰਮੀਤ ਸਿੰਘ ਥੂਹੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।
 ਇਸ ਮੌਕੇ ਵੱਖ ਵੱਖ ਏਜੰਡਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਅਤੇ ਸਮੁੱਚੇ ਦੇਸ਼ ਦੀ ਰਾਜਨੀਤੀ  ਦਿਸਾਹੀਣ ਹੈ । ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਸਰਕਾਰਾਂ ਡੰਗ ਟਪਾਉ ਤਰੀਕੇ ਦੀ ਰਾਜਨੀਤੀ ਕਰਨ ਲੱਗੀਆਂ ਹੋਈਆਂ ਹਨ।  ਰੁਜ਼ਗਾਰ,  ਨਸ਼ੇ ,ਵਾਤਾਵਰਨ ਦਾ ਗੰਧਲਾਪਨ, ਕਿਸਾਨਾਂ , ਮਜ਼ਦੂਰਾਂ ਦੇ ਮੁੱਦੇ ਜਿਉਂ ਦੇ ਤਿਉਂ ਖੜੇ ਹਨ । ਇਹਨਾਂ ਲਈ ਗੰਭੀਰਤਾ ਨਜ਼ਰ ਨਹੀਂ ਆ ਰਹੀ । 
ਇਸ ਲਈ ਲੋਕਾਂ ਨੂੰ ਅਜਿਹੇ ਮੁੱਦਿਆਂ ਤੇ ਇੱਕਜੁੱਟ ਹੋਣ ਦੀ ਲੋੜ ਹੈ। ਇਸ ਮੌਕੇ ਆਈਡੀਪੀ ਵੱਲੋਂ ਹੋਣ ਵਾਲੀਆਂ ਸਰਗਰਮੀਆਂ ਤੇ ਚਰਚਾ ਕੀਤੀ ਗਈ ਤੇ ਇਹ ਵੀ ਫੈਸਲਾ ਕੀਤਾ ਗਿਆ ਕਿ " ਮੌਜੂਦਾ ਰਾਜਨੀਤਿਕ ਹਾਲਤਾਂ ਵਿੱਚ ਭਵਿੱਖ ਦੀ ਰਾਜਨੀਤੀ ਦਿਸ਼ਾ ਕੀ ਹੋਵੇ ? "  ਵਿਸ਼ੇ ਨੂੰ ਲੈ ਕੇ ਵਿਚਾਰ ਚਰਚਾ 19 ਜੁਲਾਈ ਨੂੰ ਸਵੇਰੇ 10 ਵਜੇ ਤੋਂ ਤਰਕਸ਼ੀਲ ਭਵਨ ਪਟਿਆਲਾ ਵਿਖੇ ਕਰਵਾਈ ਜਾਵੇਗੀ। ਜਿਸ ਤੇ ਮੁੱਖ ਬੁਲਾਰੇ ਸੀਨੀਅਰ ਪੱਤਰਕਾਰ ਅਤੇ ਉੱਘੇ ਚਿੰਤਕ ਹਮੀਰ ਸਿੰਘ ਹੋਣਗੇ।
 ਵਿਚਾਰ ਚਰਚਾ ਦੇ ਸਾਰੇ ਪ੍ਰਬੰਧਾਂ ਬਾਰੇ ਵੀ ਚਰਚਾ ਕੀਤੀ ਗਈ।  ਇਸ ਮੌਕੇ ਆਗੂਆਂ ਨੇ ਚਿੰਤਕ ਸਾਰੇ ਲੋਕਾਂ ,  ਪਾਰਟੀਆਂ , ਯੂਨੀਅਨਾਂ ਨੂੰ ਅਪੀਲ ਕੀਤੀ ਕਿ ਇਹ ਚਰਚਾ ਵਿੱਚ ਜਰੂਰੀ ਤੌਰ ਤੇ ਸਮੂਲੀਅਤ ਕਰਨ ਤਾਂ ਜੋ ਸਿਰ ਜੋੜ ਕੇ ਭਵਿੱਖ ਦੀ ਰਾਜਨੀਤੀ ਨੂੰ ਸਹੀ ਦਿਸਾ ਵੱਲ ਤੋਰਿਆ ਜਾ ਸਕੇ।  ਇਸ ਮੌਕੇ ਗੁਰਤੇਜ ਸਿੰਘ ਸਮਾਣਾ , ਰਾਜ ਕੁਮਾਰ ਕਨਸੂਹਾ,ਕੁਲਵਿੰਦਰ ਕੌਰ ਰਾਮਗੜ੍ਹ,  ਸੁਨੀਤਾ ਰਾਣੀ ਕੈਦੂਪੁਰ, ਜੰਗੀਰ ਸਿੰਘ ਪਟਿਆਲਾ, ਕਸ਼ਮੀਰਾ ਸਿੰਘ ਥੂਹੀ ਆਦਿ ਨੇ ਸ਼ਮੂਲੀਅਤ ਕੀਤੀ।