ਨਵਾਂਸ਼ਹਿਰ - ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਹੁਕਮ ਅਨੁਸਾਰ ਨਵਜੋਤ ਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ- ਕਮ- ਜਿਲਾ ਚੋਣ ਅਫਸਰ, ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ  ਜਿਲਾ ਨੋਡਲ ਅਫਸਰ ਸਵੀਪ ਸਤਨਾਮ ਸਿੰਘ ਵੱਲੋਂ ਜਾਰੀ ਕੀਤੇ ਸ਼ਡਿਊਲ ਮੁਤਾਬਕ ਅੱਜ ਜਿਲੇ ਦੀਆਂ ਸਮੂਹ ਸਿੱਖਿਆ ਸੰਸਥਾਵਾਂ, ਸਕੂਲ, ਕਾਲਜ, ਹਾਇਰ ਐਜੂਕੇਸ਼ਨ ਇੰਸਟੀਚਿਊਟ, ਟੈਕਨੀਕਲ ਇੰਸਟੀਚਿਊਟ ਆਈ ਟੀ ਆਈ ਵਿਖੇ ਵਿਦਿਆਰਥੀਆਂ ਨੂੰ ਇਲੈਕਟੋਰਲ ਲਿਟਰੇਸੀ ਕਲੱਬ ਦੇ ਇੰਚਾਰਜਾਂ ਵੱਲੋਂ ਵੋਟਰ ਪ੍ਰਣ ਦਵਾਇਆ ਗਿਆ। 
ਇਸ ਵਾਰ 70 ਪਾਰ' ਦੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਪੂਰੇ ਜਿਲੇ ਵਿੱਚ ਵਿਦਿਆਰਥੀਆਂ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਸਮੂਹ ਵਿਦਿਆਰਥੀ ਆਪਣੇ ਪਿੰਡਾਂ, ਗਲੀ, ਮਹੱਲਿਆਂ ਦੇ ਵੋਟਰਾਂ ਨੂੰ ਜਾਗਰੂਕ ਕਰਨਗੇ ਅਤੇ ਵੋਟ ਦੀ ਮਹੱਤਤਾ ਬਾਰੇ ਦੱਸਣਗੇ। ਜ਼ਿਲੇ ਦੀ ਸਵੀਪ ਟੀਮ ਵੱਲੋਂ ' ਇਸ ਵਾਰ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪਝੱਤਰ ਪਾਰ 'ਤੇ ਨਾਅਰੇ ਨੂੰ ਬੁਲੰਦ ਕੀਤਾ ਗਿਆ ਅਤੇ ਇਹ ਵੀ ਪ੍ਰਣ ਲਿਆ ਗਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਵੋਟਰ ਟਰਨ ਆਊਟ ਇਸ ਵਾਰ 75 ਤੋਂ ਉੱਪਰ ਲੈ ਕੇ ਜਾਣੀ ਹੈ। ਹਰ ਬੂਥ ਤੇ ਮਿਲਣ ਵਾਲੀਆਂ ਘੱਟੋ ਘੱਟ ਸਹੂਲਤਾਂ ਸੰਬੰਧੀ ਵੀ ਵਿਦਿਆਰਥੀਆਂ ਨੂੰ ਦੱਸਿਆ ਗਿਆ ਤਾਂ ਕਿ ਹਰ ਵੋਟਰ ਤੱਕ ਇਹ ਗੱਲ ਪਹੁੰਚੇ। ਇਸ ਵਾਰ ਚੋਣਾਂ ਦਾ ਪਰਵ ਦੇਸ਼ ਦਾ ਗਰਵ ਜੋ ਕਿ ਪਹਿਲੀ ਜੂਨ ਨੂੰ ਪੰਜਾਬ ਵਿੱਚ ਆ ਰਿਹਾ ਹੈ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਕਿ ਕੋਈ ਵੀ ਵੋਟਰ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਵੇ ਤਾਂ ਕਿ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਪੂਰੇ ਭਾਰਤ ਵਿੱਚ ਅਗਲੀਆ ਸਫਾਂ ਵਿੱਚ ਆਵੇ।