ਲੁਧਿਆਣਾ, 29 ਅਗਸਤ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜ ਦਿਨਾ ਸੂਰ ਪਾਲਣ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੂਰਨ ਹੋ ਗਿਆ। ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਅਤੇ ਵੈਟਨਰੀ ਪਸਾਰ ਸਿੱਖਿਆ ਵਿਭਾਗ ਦੇ ਮੁਖੀ, ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਵਿੱਚ ਸਿਧਾਂਤਕ ਅਤੇ ਵਿਹਾਰਕ ਸੈਸ਼ਨਾਂ ਦਾ ਇੱਕ ਸੰਤੁਲਿਤ ਮਿਸ਼ਰਣ ਸੀ।
ਪਾਠਕ੍ਰਮ ਦਾ ਉਦੇਸ਼ ਆਧੁਨਿਕ ਸੂਰ ਪਾਲਣ ਲਈ ਜ਼ਰੂਰੀ ਵਿਗਿਆਨਕ ਗਿਆਨ ਅਤੇ ਵਿਹਾਰਕ ਹੁਨਰ ਪ੍ਰਦਾਨ ਕਰਨਾ ਸੀ। ਮੁੱਖ ਵਿਸ਼ਿਆਂ ਵਿੱਚ ਰਿਹਾਇਸ਼, ਪ੍ਰਜਣਨ , ਖੁਰਾਕ , ਸਿਹਤ ਪ੍ਰਬੰਧਨ, ਮਾਸ ਉਤਪਾਦਨ, ਮਾਸ ਦੀ ਵਿਕਰੀ, ਗੁਣਵੱਤਾ ਭਰਪੂਰ ਮੀਟ ਉਤਪਾਦਾਂ ਲਈ ਮੰਡੀਕਾਰੀ ਰਣਨੀਤੀਆਂ ਸ਼ਾਮਲ ਸਨ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪਸ਼ੂ ਪਾਲਕਾਂ ਅਤੇ ਸਹਾਇਕ ਕਾਰੋਬਾਰਾਂ ਦੇ ਆਰਥਿਕ ਵਿਕਾਸ, ਸਥਿਰਤਾ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਸੂਰ ਪਾਲਣ ਵਿੱਚ ਵਧਦੀ ਦਿਲਚਸਪੀ ਅਤੇ ਮੁਨਾਫ਼ੇ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਸੂਰ ਪਾਲਣ ਨੂੰ ਪੇਸ਼ੇ ਵਜੋਂ ਅਪਣਾਉਣ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਵਿਆਪਕ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਉਨ੍ਹਾਂ ਨੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਵੀ ਕੀਤੀ ਅਤੇ ਸਿਖਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸੂਰ ਪਾਲਣ ਨੂੰ ਇੱਕ ਵਿਹਾਰਕ ਅਤੇ ਟਿਕਾਊ ਰੋਜ਼ੀ-ਰੋਟੀ ਦੇ ਸਾਧਨ ਵਜੋਂ ਦੇਖਣ ਲਈ ਉਤਸ਼ਾਹਿਤ ਕੀਤਾ। ਪ੍ਰੋਗਰਾਮ ਦੇ ਸਫਲਤਾਪੂਰਵਕ ਸੰਪੂਰਨ ਹੋਣ 'ਤੇ ਸਾਰੇ ਭਾਗੀਦਾਰਾਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਗਏ।
ਇਸ ਪ੍ਰੋਗਰਾਮ ਦਾ ਢੁਕਵਾਂ ਸੰਯੋਜਨ ਡਾ. ਪ੍ਰਤੀਕ ਸਿੰਘ ਧਾਲੀਵਾਲ ਅਤੇ ਵਿਦਿਆਰਥੀ ਸੰਯੋਜਕ ਡਾ. ਨਵਰੋਜ ਕੌਰ ਅਤੇ ਡਾ. ਸੰਘਮਿੱਤਰਾ ਤਾਮੂਲੀ ਵੱਲੋਂ ਕੀਤਾ ਗਿਆ।
ਵੈਟਨਰੀ ਯੂਨੀਵਰਸਿਟੀ ਸੂਰ ਪਾਲਣ ਕਿੱਤੇ ਲਈ ਪ੍ਰਦਾਨ ਕਰ ਰਹੀ ਹੈ ਬਹੁ ਨੁਕਾਤੀ ਸਹਾਇਤਾ
