ਲੁਧਿਆਣਾ 18 ਅਗਸਤ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਅਤੇ ਪਿਊਰ ਹੈਲਥ ਫੂਡ ਅਤੇ ਨਿਊਟ੍ਰੀਸ਼ਨ, ਕਠੂਆ, ਜੰਮੂ ਅਤੇ ਕਸ਼ਮੀਰ ਨੇ ਕੁੱਤਿਆਂ ਦੀ ਖੁਰਾਕ ਦੀ ਫਾਰਮੂਲੇਸ਼ਨ ਅਤੇ ਗੁਣਵੱਤਾ ਮੁਲਾਂਕਣ ਲਈ ਤਕਨੀਕੀ ਸਲਾਹ-ਮਸ਼ਵਰੇ ਵਾਸਤੇ ਇੱਕ ਸਮਝੌਤੇ ਪੱਤਰ ਤੇ ਦਸਤਖਤ ਕੀਤੇ ਹਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਵਾਈਸ-ਚਾਂਸਲਰ ਨੇ ਇਸ ਸਹਿਯੋਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ, “ਇਹ ਸਮਝੌਤਾ ਯੂਨੀਵਰਸਿਟੀ-ਉਦਯੋਗ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵਧ ਰਹੇ ਪਾਲਤੂ ਜਾਨਵਰਾਂ ਦੀ ਖੁਰਾਕ ਦੇ ਖੇਤਰ ਵੱਲ ਇੱਕ ਮਹੱਤਵਪੂਰਨ ਕਦਮ ਹੈ। ਅਜਿਹੇ ਸਹਿਯੋਗ ਜਾਨਵਰਾਂ ਦੀ ਖੁਰਾਕ ਵਿੱਚ ਨਵੀਨਤਾ, ਗੁਣਵੱਤਾ ਭਰੋਸਾ ਅਤੇ ਤਕਨਾਲੋਜੀ ਟ੍ਰਾਂਸਫਰ ਨੂੰ ਉਤਸ਼ਾਹਿਤ ਕਰਨਗੇ।”
ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਖੋਜ, ਨੇ ਯੂਨੀਵਰਸਿਟੀ ਵੱਲੋਂ ਸਮਝੌਤੇ ’ਤੇ ਹਸਤਾਖਰ ਕੀਤੇ, ਜਦਕਿ ਪਿਊਰ ਹੈਲਥ ਫੂਡ ਅਤੇ ਨਿਊਟ੍ਰੀਸ਼ਨ ਦੀ ਨੁਮਾਇੰਦਗੀ ਕੰਪਨੀ ਦੇ ਸੀ. ਈ. ਓ. ਸ਼੍ਰੀ ਸੁਮਿਤ ਕੇਡੀਆ ਨੇ ਕੀਤੀ। ਸਮਝੌਤਾ ਹਸਤਾਖਰ ਸਮਾਰੋਹ ਵਿੱਚ ਡਾ. ਓਪਿੰਦਰ ਸਿੰਘ, ਡਾ. ਰਵਿੰਦਰ ਸਿੰਘ ਗਰੇਵਾਲ, ਡਾ. ਸਰਵਪ੍ਰੀਤ ਸਿੰਘ ਘੁੰਮਣ, ਡਾ. ਨਿਰਭੈਅ ਕੁਮਾਰ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਗਵਾਹੀ ਦਿੱਤੀ। ਪੰਜ-ਸਾਲਾ ਸਲਾਹ-ਮਸ਼ਵਰਾ ਸਹਿਯੋਗ ਦੀ ਵਿੱਤੀ ਕੀਮਤ ਲਗਭਗ 18.3 ਲੱਖ ਹੈ।
ਡਾ. ਜਸਪਾਲ ਸਿੰਘ ਹੁੰਦਲ, ਮੁਖੀ ਪਸ਼ੂ ਆਹਾਰ ਵਿਭਾਗ ਨੇ ਕਿਹਾ ਕਿ ਇਸ ਸਮਝੌਤੇ ਅਧੀਨ ਵੈਟਨਰੀ ਯੂਨੀਵਰਸਿਟੀ ਵੱਖ-ਵੱਖ ਸ਼੍ਰੇਣੀਆਂ ਦੇ ਕੁੱਤਿਆਂ ਲਈ ਸੰਤੁਲਿਤ ਅਤੇ ਕਿਫਾਇਤੀ ਖੁਰਾਕ ਫਾਰਮੂਲੇ ਉਪਲਬਧ ਕਰਵਾਏਗੀ, ਖੁਰਾਕ ਤੱਤਾਂ ਅਤੇ ਤਿਆਰ ਉਤਪਾਦਾਂ ਦਾ ਮੁਲਾਂਕਣ ਕਰੇਗੀ ਅਤੇ ਆਪਣੀਆਂ ਲੈਬਾਰਟਰੀ ਸਹੂਲਤਾਂ ਰਾਹੀਂ ਖੁਰਾਕੀ ਗੁਣਵੱਤਾ ਦਾ ਮੁਲਾਂਕਣ ਕਰੇਗੀ। ਯੂਨੀਵਰਸਿਟੀ ਦੇ ਮਾਹਿਰ ਗੁਣਵੱਤਾ ਮੁਲਾਂਕਣ ਅਤੇ ਤਕਨੀਕੀ ਮਾਰਗਦਰਸ਼ਨ ਲਈ ਕੰਪਨੀ ਦੇ ਫੀਡ ਉਤਪਾਦਨ ਪਲਾਂਟ ਦਾ ਦੌਰਾ ਵੀ ਕਰਨਗੇ। ਇਹ ਸਹਿਯੋਗ ਖੋਜ ਅਤੇ ਪਾਲਤੂ ਜਾਨਵਰਾਂ ਦੀ ਖੁਰਾਕ ਉਦਯੋਗ ਵਿਚਕਾਰ ਇੰਟਰਫੇਸ ਨੂੰ ਵੀ ਮਜ਼ਬੂਤ ਕਰੇਗਾ। ਇਸ ਸਮਝੌਤੇ ਰਾਹੀਂ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਇਕ ਵਾਰ ਲੋਕ ਹਿਤਾਂ ਲਈ ਖੋਜ ਅਤੇ ਮਿਆਰੀ ਸੇਵਾਵਾਂ ਉਪਲੱਬਧ ਕਰਵਾਉਣ ਸੰਬੰਧੀ ਵਚਨਵੱਧਤਾ ਦਾ ਸਬੂਤ ਦਿੱਤਾ ਹੈ।
ਵੈਟਨਰੀ ਯੂਨੀਵਰਸਿਟੀ ਅਤੇ ਪਿਓਰ ਹੈਲਥ ਕੰਪਨੀ ਨੇ ਪਾਲਤੂ ਕੁੱਤਿਆਂ ਦੀ ਖੁਰਾਕ ਬਣਾਉਣ ਸੰਬੰਧੀ ਹੱਥ ਮਿਲਾਇਆ
