ਲੁਧਿਆਣਾ-25 ਮਾਰਚ 2026- ਡਾ. ਰਾਜੇਸ਼ ਵੀ. ਵਾਘ, ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਉਨ੍ਹਾਂ ਦੇ "ਸਮਾਰਟ-ਬਾਇਓ-ਪੈਕ ਫਾਰ ਲਾਈਵਸਟਾਕ ਪ੍ਰੋਡਕਟਸ" ਵਿਸ਼ੇ ਵਾਲੇ ਪ੍ਰੋਜੈਕਟ ਲਈ ਇੱਕ ਵੱਕਾਰੀ ਖੋਜ ਗ੍ਰਾਂਟ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਦੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੁਆਰਾ ਇਨਕਲੂਸਿਵਿਟੀ ਰਿਸਰਚ ਗ੍ਰਾਂਟ ਸਕੀਮ ਦੇ ਤਹਿਤ ਫੰਡ ਦਿੱਤਾ ਗਿਆ ਹੈ, ਜਿਸਦੀ ਵਿੱਤੀ ਰਾਸ਼ੀ ₹60 ਲੱਖ ਹੈ।
ਡਾ. ਨਿਤਿਨ ਮਹਿਤਾ ਵਿਭਾਗ ਮੁਖੀ ਨੇ ਕਿਹਾ ਕਿ ਇਸ ਖੋਜ ਪਹਿਲਕਦਮੀ ਦਾ ਉਦੇਸ਼ ਟਿਕਾਊ ਅਤੇ ਢੁੱਕਵਾਂ ਪੈਕੇਜਿੰਗ ਹੱਲ ਡਿਜ਼ਾਈਨ ਅਤੇ ਵਿਕਸਿਤ ਕਰਨਾ ਹੈ ਜੋ ਪਸ਼ੂਧਨ ਉਤਪਾਦਾਂ, ਖਾਸ ਕਰਕੇ ਮਾਸ ਅਤੇ ਦੁੱਧ ਦੀ ਸੁਰੱਖਿਆ, ਗੁਣਵੱਤਾ ਅਤੇ ਸ਼ੈਲਫ ਲਾਈਫ ਨੂੰ ਵਧਾਉਂਦੇ ਹਨ। ਵਿਗਿਆਨਕ ਨਵੀਨਤਾ ਨੂੰ ਵਾਤਾਵਰਣ ਸੰਭਾਲ ਦੀ ਸੂਝ ਨਾਲ ਜੋੜ ਕੇ ਇਹ ਪ੍ਰੋਜੈਕਟ ਭੋਜਨ ਦੀ ਸੰਭਾਲ, ਨੁਕਸਾਨ ਨੂੰ ਘਟਾਉਣ ਅਤੇ ਵਾਤਾਵਰਣ-ਅਨੁਕੂਲ ਪੈਕੇਜਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਮਹੱਤਵਪੂਰਨ ਚੁਣੌਤੀਆਂ ਦਾ ਹੱਲ ਕਰਨ ਦਾ ਸਾਰਥਕ ਉਪਰਾਲਾ ਕਰੇਗਾ।
ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ, ਲੁਧਿਆਣਾ ਨੇ ਇਸ ਮਹੱਤਵਪੂਰਨ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਵਧਾਈਆਂ ਦਿੱਤੀ । ਉਨ੍ਹਾਂ ਕਿਹਾ ਕਿ ਇੱਕ ਸਖ਼ਤ ਮੁਲਾਂਕਣ ਪ੍ਰਕਿਰਿਆ 'ਚੋਂ ਨਿਕਲ ਕੇ ਇਹ ਫੰਡ ਪ੍ਰਾਪਤ ਕਰਨਾ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਭਾਗ ਅਤੇ ਖੋਜਕਰਤਾ ਨੂੰ ਵਧਾਈ ਦਿੱਤੀ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਵੱਕਾਰੀ ਗ੍ਰਾਂਟ ਵਿਗਿਆਨਕ ਉੱਤਮਤਾ ਅਤੇ ਇੱਕ ਮਜ਼ਬੂਤ ਖੋਜ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖੋਜ ਪਹਿਲਕਦਮੀਆਂ ਭਾਰਤ ਦੇ ਭੋਜਨ ਅਤੇ ਪਸ਼ੂਧਨ ਖੇਤਰਾਂ ਦੀਆਂ ਵਿਕਸਿਤ ਹੋ ਰਹੀਆਂ ਜ਼ਰੂਰਤਾਂ ਦੇ ਅਨੁਸਾਰ ਮੋਹਰੀ, ਪ੍ਰਭਾਵਸ਼ਾਲੀ ਉਪਾਵਾਂ ਲਈ ਰਾਹ ਪੱਧਰਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਰਾਸ਼ਟਰੀ ਵਿਕਾਸ ਸੰਬੰਧੀ ਤਰਜੀਹਾਂ ਨਾਲ ਸੁਚੱਜੇ ਢੰਗ ਨਾਲ ਮੇਲ ਖਾਂਦਾ ਹੈ।
ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀ ਨੇ ਸਮਾਰਟ ਗ੍ਰੀਨ ਪੈਕੇਜਿੰਗ ਲਈ ਪ੍ਰਾਪਤ ਕੀਤੀ 60 ਲੱਖ ਰੁਪਏ ਦੀ ਗ੍ਰਾਂਟ
