ਲੁਧਿਆਣਾ 26 ਮਾਰਚ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਪਾਲਣ ਮੇਲੇ ਵਿੱਚ ਕਿਸਾਨਾਂ ਨੇ ਪਸ਼ੂਧਨ ਖੁਰਾਕ ਪੂਰਕ, ਮੀਟ, ਮੱਛੀ ਅਤੇ ਦੁੱਧ ਦੇ ਉਤਪਾਦ ਖਰੀਦਣ ਵਿੱਚ ਉਤਸ਼ਾਹ ਵਧਾਊ ਰੁਚੀ ਦਾ ਪ੍ਰਗਟਾਵਾ ਕੀਤਾ। ਇਸ ਹੁੰਗਾਰੇ ਨਾਲ ਪਤਾ ਲਗਦਾ ਹੈ ਕਿ ਯੂਨੀਵਰਸਿਟੀ ਚੰਗੇ ਉਤਪਾਦ ਤਿਆਰ ਕਰਨ ਅਤੇ ਲੋਕਾਂ ਤਕ ਪਹੁੰਚਾਉਣ ਲਈ ਕਿਸਾਨਾਂ ਦੀਆਂ ਆਸਾਂ ’ਤੇ ਪੂਰਾ ਉਤਰ ਰਹੀ ਹੈ। ਯੂਨੀਵਰਸਿਟੀ ਵੱਲੋਂ ਅੱਜ ਵੱਖੋ-ਵੱਖਰੇ ਉਤਪਾਦਾਂ ਦੀ ਵਿਕਰੀ ਦੇ ਅੰਕੜੇ ਸਾਂਝੇ ਕੀਤੇ ਗਏ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਸਾਨੂੰ ਪਸ਼ੂ ਪਾਲਣ ਮੇਲੇ ਵਿੱਚ ਕਿਸਾਨਾਂ ਦਾ ਬਹੁਤ ਹਾਂ-ਪੱਖੀ ਰੁਝਾਨ ਪ੍ਰਾਪਤ ਹੋਇਆ ਹੈ। ਇਸ ਨਾਲ ਇਹ ਸਥਾਪਿਤ ਹੁੰਦਾ ਹੈ ਕਿ ਯੂਨੀਵਰਸਿਟੀ ਦੇ ਖੋਜ ਆਧਾਰਿਤ ਅਤੇ ਸਾਫ ਸੁਥਰੇ ਤੇ ਗੁਣਵੱਤਾ ਭਰਪੂਰ ਉਤਪਾਦ ਲੋਕਾਂ ਵੱਲੋਂ ਸਰਾਹੇ ਜਾ ਰਹੇ ਹਨ।
ਪਸ਼ੂ ਆਹਾਰ ਵਿਭਾਗ ਵੱਲੋਂ 14 ਲੱਖ ਰੁਪਏ ਦੀ ਵਿਕਰੀ ਕੀਤੀ ਗਈ ਜਦਕਿ 35 ਲੱਖ ਰੁਪਏ ਦੇ ਭਵਿੱਖੀ ਆਰਡਰ ਪ੍ਰਾਪਤ ਕੀਤੇ ਗਏ। ਇਨ੍ਹਾਂ ਉਤਪਾਦਾਂ ਵਿੱਚ ਧਾਤਾਂ ਦਾ ਚੂਰਾ, ਖੇਤਰ ਆਧਾਰਿਤ ਧਾਤਾਂ ਦਾ ਚੂਰਾ ਅਤੇ ਸੂਰਾਂ ਤੇ ਮੱਛੀਆਂ ਵਾਸਤੇ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਇਹ ਮਿਸ਼ਰਣ ਕਿਸਾਨਾਂ ਨੇ ਬਹੁਤ ਸਰਾਹਿਆ। ਬਾਈ ਪਾਸ ਫੈਟ ਅਤੇ ਪਸ਼ੂ ਚਾਟ ਵੀ ਵੱਡੀ ਮਾਤਰਾ ਵਿੱਚ ਖਰੀਦਿਆ ਗਿਆ।
ਮੱਛੀ ਆਧਾਰਿਤ ਗੁਣਵੱਤਾ ਭਰਪੁਰ ਉਤਪਾਦਾਂ ਜਿਨ੍ਹਾ ਵਿੱਚ ਮੋਮੋਜ਼, ਬਰਗਰ, ਟਿੱਕੀ, ਸਮੋਸਾ, ਫਿੰਗਰਜ਼ ਅਤੇ ਚਾਟ ਪ੍ਰਮੁੱਖ ਸਨ, ਦੀ ਵਿਕਰੀ ਰੁ:1.25 ਲੱਖ ਦੇ ਕਰੀਬ ਰਹੀ। ਮੀਟ, ਚਿਕਨ ਅਤੇ ਆਂਡਿਆਂ ਦੇ ਸਵਾਦੀ ਉਤਪਾਦ ਲਗਭਗ 40 ਹਜਾਰ ਰੁ: ਦੇ ਵਿਕੇ। ਇਨ੍ਹਾਂ ਵਿੱਚ ਨਗੇਟਸ, ਮੀਟ ਬਾਲ, ਅਚਾਰ, ਪੈਟੀਜ਼, ਸਮੋਸੇ ਆਦਿ ਪ੍ਰਮੁੱਖ ਸਨ।
ਡੇਅਰੀ ਉਤਪਾਦਾਂ ਦੀ ਵਿਕਰੀ 1.5 ਲੱਖ ਰੁਪਏ ਤੋਂ ਵਧੇਰੇ ਸੀ। ਇਸ ਵਿੱਚ ਦੁੱਧ ਆਧਾਰਿਤ 16 ਉਤਪਾਦ ਪੇਸ਼ ਕੀਤੇ ਗਏ ਸਨ ਜਿਨ੍ਹਾਂ ਵਿੱਚ ਸੁਗੰਧਿਤ ਦੁੱਧ, ਆਈਸਕ੍ਰੀਮ, ਵਿਭਿੰਨ ਕਿਸਮ ਦੀ ਲੱਸੀ, ਬਰਫ਼ੀ, ਮਿਲਕ ਕੇਕ, ਕੁਲਫ਼ੀ ਅਤੇ ਢੋਡਾ ਬਰਫ਼ੀ। ਕਿਸਾਨਾਂ ਨੇ ਇਨ੍ਹਾਂ ਨੂੰ ਖਰੀਦਣ ਦੇ ਨਾਲ ਇਨ੍ਹਾਂ ਕਿੱਤਿਆਂ ਨੂੰ ਸ਼ੁਰੂ ਕਰਨ ਵਿੱਚ ਵੀ ਦਿਲਚਸਪੀ ਵਿਖਾਈ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਸਾਡਾ ਮੰਤਵ ਸਿਰਫ ਵਿਕਰੀ ਜਾਂ ਇਸ ਦੇ ਅੰਕੜੇ ਦੱਸਣਾ ਨਹੀਂ ਹੈ ਬਲਕਿ ਅਸੀਂ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਕਿਸਾਨਾਂ ਲਈ ਗਿਆਨ ਨੂੰ ਸਾਂਝਾ ਕਰਨ ਅਤੇ ਸਮਰੱਥਾ ਵਿਕਾਸ ਦਾ ਇਹ ਇਕ ਬਹੁਤ ਵਧੀਆ ਮੰਚ ਹੈ। ਚੰਗੀ ਖੋਜ ਅਤੇ ਵਿਹਾਰਕ ਵਰਤਾਰੇ ਨਾਲ ਯੂਨੀਵਰਸਿਟੀ ਕਿਸਾਨਾਂ ਨੂੰ ਸੁਦ੍ਰਿੜ ਕਰਨ ਅਤੇ ਪਸ਼ੂਧਨ ਖੇਤਰ ਦੇ ਮੁਨਾਫ਼ੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।
You May Also Like
ਮਹਾਰਾਜਾ ਅਗਰਸੇਨ ਜਯੰਤੀ 10 ਅਕਤੂਬਰ ਨੂੰ ਲਾਲ ਕਿਲੇ 'ਤੇ ਸ਼ਾਨਦਾਰ ਤਰੀਕੇ ਨਾਲ ਮਨਾਈ ਜਾਵੇਗੀ: ਵਿਪਿਨ ਗੋਯਲ
Police Administration and Sangharsh Committee Reach Agreement, Tippers Will Not Operate from 7 AM to 7 PM
ਡੇਅਰੀ ਵਿਕਾਸ ਵਿਭਾਗ ਨੇ ਲਗਾਇਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ