ਲੁਧਿਆਣਾ 06 ਜੁਲਾਈ, 2026:- ਸੈਂਟਰ ਫਾਰ ਵਨ ਹੈਲਥ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ ਦੁਆਰਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਦੇ ਸਹਿਯੋਗ ਨਾਲ ਵਿਸ਼ਵ ਜ਼ੂਨੋਸਿਸ ਦਿਵਸ 2026 'ਤੇ ਇੱਕ ਸਾਂਝੇ ਕੌਮੀ ਵੈਟਨਰੀ-ਮੈਡੀਕਲ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਹ ਵੈਬੀਨਾਰ "ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ (ਜ਼ੂਨੋਟਿਕ) ਬਿਮਾਰੀਆਂ ਦੀ ਰੋਕਥਾਮ ਅਤੇ ਏਕੀਕ੍ਰਿਤ ਪਸ਼ੂ-ਮਨੁੱਖੀ ਸਿਹਤ ਨਿਗਰਾਨੀ ਲਈ ਇੱਕ ਸਿਹਤ ਪਹੁੰਚ" ਵਿਸ਼ੇ ਦੇ ਤਹਿਤ ਆਯੋਜਿਤ ਕੀਤਾ ਗਿਆ ਸੀ।
ਉਦਘਾਟਨੀ ਭਾਸ਼ਣ ਦਿੰਦੇ ਹੋਏ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਜ਼ੂਨੋਟਿਕ ਬਿਮਾਰੀਆਂ ਦੇ ਉਭਾਰ ਲਈ ਵੈਟਨਰੀ , ਮੈਡੀਕਲ, ਵਾਤਾਵਰਣ ਅਤੇ ਜਨਤਕ ਸਿਹਤ ਖੇਤਰਾਂ ਨੂੰ ਏਕੀਕ੍ਰਿਤ ਕਰਨ ਲਈ ਮਜ਼ਬੂਤ 'ਇੱਕ ਸਿਹਤ' ਪਹੁੰਚ ਦੀ ਲੋੜ ਹੈ। ਉਨ੍ਹਾਂ ਨੇ ਮਨੁੱਖੀ-ਪਸ਼ੂ ਅਤੇ ਵਾਤਾਵਰਣ ਅੰਤਰ-ਸੰਬੰਧਾਂ ਕਾਰਣ ਮੌਜੂਦਾ ਸਿਹਤ ਚੁਣੌਤੀਆਂ ਦੇ ਵਿਰੁੱਧ ਏਕੀਕ੍ਰਿਤ ਨਿਗਰਾਨੀ, ਸ਼ੁਰੂਆਤੀ ਬਿਮਾਰੀ ਦਾ ਪਤਾ ਲਗਾਉਣ ਅਤੇ ਤਿਆਰੀ ਨੂੰ ਮਜ਼ਬੂਤ ਕਰਨ ਵਿੱਚ ਵੈਟਨਰੀ ਜਨਤਕ ਸਿਹਤ ਅਤੇ ਭਾਈਚਾਰੇ ਵਿੱਚ ਦਵਾਈਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ।
ਡਾ. ਨਿਵੇਦਿਤਾ ਗੁਪਤਾ, ਵਿਗਿਆਨੀ ਅਤੇ ਮੁਖੀ, ਸੰਚਾਰੀ ਰੋਗ ਵਿਭਾਗ, ਆਈਸੀਐਮਆਰ, ਨਵੀਂ ਦਿੱਲੀ ਨੇ ਜ਼ੂਨੋਟਿਕ ਬਿਮਾਰੀਆਂ ਦੇ ਵਿਰੁੱਧ ਭਾਰਤ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਅੰਤਰ-ਅਨੁਸ਼ਾਸਨੀ ਖੋਜ, ਤਾਲਮੇਲ, ਨਿਗਰਾਨੀ ਅਤੇ ਸਬੂਤ-ਅਧਾਰਤ ਨੀਤੀ ਨਿਰਮਾਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਵੈਬੀਨਾਰ ਵਿੱਚ ਤਿੰਨ ਵਿਸ਼ੇਸ਼ ਮਾਹਰਾਂ ਨੇ ਲੈਕਚਰ ਦਿੱਤੇ। ਡਾ. ਮਾਲਾ ਛਾਬੜਾ (ਡਾ. ਆਰਐਮਐਲ ਹਸਪਤਾਲ, ਨਵੀਂ ਦਿੱਲੀ) ਨੇ "ਜ਼ੂਨੋਟਿਕ ਲਾਗ ਦੇ ਨਿਦਾਨ ਲਈ ਲੱਛਣ ਆਧਾਰਿਤ ਪਹੁੰਚ" 'ਤੇ ਡਾ. ਵੀ. ਬਾਲਾਮੁਰੂਗਨ (ਆਈਸੀਏਆਰ-ਨਿਵੇਦੀ, ਬੰਗਲੁਰੂ) "ਲੇਪਟੋਸਪਾਇਰੋਸਿਸ ਬੀਮਾਰੀ ਦੇ ਨਿਯੰਤਰਣ ਅਤੇ ਪ੍ਰਬੰਧਨ ਲਈ ਏਕੀਕ੍ਰਿਤ 'ਇੱਕ ਸਿਹਤ' ਪਹੁੰਚ" 'ਤੇ ਅਤੇ ਡਾ. ਰਾਕੇਸ਼ ਕੱਕੜ (ਏਮਜ਼, ਬਠਿੰਡਾ) ਨੇ "ਇੱਕ ਵਿਸ਼ਵ, ਇੱਕ ਸਿਹਤ: ਨਵੀਨਤਾ, ਖੋਜ ਅਤੇ ਕਾਰਵਾਈ" ਵਿਸ਼ਿਆਂ 'ਤੇ ਸੰਬੋਧਨ ਕੀਤਾ।
ਪ੍ਰਬੰਧਕੀ ਸਕੱਤਰਾਂ ਡਾ. ਜੇ. ਐਸ. ਬੇਦੀ, ਨਿਰਦੇਸ਼ਕ , ਸੈਂਟਰ ਫਾਰ ਵਨ ਹੈਲਥ ਅਤੇ ਡਾ. ਵੀਨੂ ਗੁਪਤਾ, ਪ੍ਰੋਫੈਸਰ ਅਤੇ ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ ਨੇ ਦੁਹਰਾਇਆ ਕਿ ਜ਼ੂਨੋਟਿਕ ਬਿਮਾਰੀਆਂ ਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਏਕੀਕ੍ਰਿਤ ਨਿਗਰਾਨੀ ਅਤੇ ਵਨ ਹੈਲਥ ਭਾਈਵਾਲੀ ਰਾਹੀਂ ਵੈਟਨਰੀ , ਮੈਡੀਕਲ, ਵਾਤਾਵਰਣ ਅਤੇ ਜਨਤਕ ਸਿਹਤ ਪੇਸ਼ੇਵਰਾਂ ਵਿਚਕਾਰ ਨਿਰੰਤਰ ਸਹਿਯੋਗ ਦੀ ਲੋੜ ਹੈ। ਵੈਬੀਨਾਰ ਵਿੱਚ ਦੇਸ਼ ਭਰ ਦੇ ਪਸ਼ੂਆਂ ਦੇ ਡਾਕਟਰਾਂ, ਮੈਡੀਕਲ ਡਾਕਟਰਾਂ, ਸੂਖਮ ਜੀਵ ਵਿਗਿਆਨੀਆਂ , ਖੋਜਕਰਤਾਵਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਲਗਭਗ 150 ਪ੍ਰਤੀਭਾਗੀਆਂ ਦਾ ਉਤਸ਼ਾਹੀ ਹੁੰਗਾਰਾ ਮਿਲਿਆ।
