ਲੁਧਿਆਣਾ-20-ਜੁਲਾਈ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਫਿਸ਼ਰੀਜ ਨੇ ਮੱਛੀ ਪਾਲਣ ਵਿਕਾਸ ਏਜੰਸੀ, ਲੁਧਿਆਣਾ ਦੇ ਸਹਿਯੋਗ ਨਾਲ ਇਨੋਵੇਟਿਵ ਫਿਸ਼ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਗਤੀਸ਼ੀਲ ਮੱਛੀ ਪਾਲਕਾਂ ਲਈ ਇੱਕ ਕਾਰਜਸ਼ਾਲਾ ਦਾ ਆਯੋਜਨ ਕੀਤਾ। ਕਿਸਾਨਾਂ ਨੂੰ ਭਾਰਤ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੀ ਪ੍ਰਧਾਨ ਮੰਤਰੀ - ਮਤਸਯ ਕਿਸਾਨ ਸਮ੍ਰਿਧੀ ਸਹਿ-ਯੋਜਨਾ ਅਧੀਨ ਵੱਖ-ਵੱਖ ਮੱਛੀ ਪਾਲਣ ਖੇਤਰ ਦੀਆਂ ਪ੍ਰਚਾਰ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ।
ਇਹ ਕਾਲਜ ਰਾਜ ਦੇ ਮੱਛੀ ਅਤੇ ਝੀਂਗਾ ਪਾਲਕਾਂ ਨੂੰ ਇਸ ਯੋਜਨਾ ਦੇ ਤਹਿਤ ਪੇਸ਼ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਮੱਛੀ ਪਾਲਣ ਖੇਤਰ ਸੇਵਾਵਾਂ ਅਤੇ ਸਹਿਯੋਗ ਪ੍ਰਾਪਤ ਕਰਨ ਲਈ ਤਸਦੀਕ, ਨਿਗਰਾਨੀ ਅਤੇ ਗਿਆਨ ਸਹਾਇਤਾ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਭਾਗੀਦਾਰਾਂ ਨੂੰ ਇਸ ਯੋਜਨਾ ਦੇ ਤਹਿਤ ਕਰਜ਼ਾ ਸਹੂਲਤ, ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ, ਐਕੁਆਕਲਚਰ ਬੀਮਾ ਸਹਿਯੋਗ, ਪ੍ਰਦਰਸ਼ਨ ਗ੍ਰਾਂਟਾਂ ਅਤੇ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਮੱਛੀ ਪਾਲਣ ਡਿਜੀਟਲ ਪਲੇਟਫਾਰਮ 'ਤੇ ਰਜਿਸਟਰ ਹੋਣ ਲਈ ਦੱਸਿਆ ਗਿਆ। ਕਾਲਜ ਨੇ ਅਜੇ ਤੱਕ ਰਜਿਸਟਰਡ ਨਾ ਹੋਣ ਵਾਲੇ ਮੈਂਬਰਾਂ ਨੂੰ ਰਜਿਸਟ੍ਰੇਸ਼ਨ ਕਰਨ ਸਬੰਧੀ ਸਹੂਲਤ ਦਿੱਤੀ, ਜੋ ਕਿ ਭਾਰਤੀ ਮੱਛੀ ਪਾਲਣ ਖੇਤਰ ਨੂੰ ਸੁਦ੍ਰਿੜ ਬਣਾਉਣ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਯੋਜਨਾ ਦੇ ਵੱਖ-ਵੱਖ ਹਿੱਸਿਆਂ ਦੇ ਤਹਿਤ ਲਾਭ ਪ੍ਰਾਪਤ ਕਰਨ ਲਈ ਹਰ ਕਿਸਮ ਦੇ ਮੱਛੀ ਪਾਲਕਾਂ ਲਈ ਲਾਜ਼ਮੀ ਹੈ।
ਜਥੇਬੰਦੀ ਦੇ ਮੈਂਬਰਾਂ ਨੇ ਮੱਛੀ ਫੀਡ ਪ੍ਰਬੰਧਨ 'ਤੇ ਇੱਕ ਤਕਨੀਕੀ ਸੈਸ਼ਨ ਵਿੱਚ ਵੀ ਹਿੱਸਾ ਲਿਆ, ਜਿਸ ਵਿੱਚ ਮੁੱਖ ਤੌਰ 'ਤੇ ਮੱਛੀ ਫੀਡ ਫਾਰਮੂਲਾ , ਨਿਰਮਾਣ ਅਤੇ ਫੀਡਿੰਗ ਪ੍ਰਣਾਲੀਆਂ ਵਿੱਚ ਵਿਗਿਆਨਕ ਸਿਫ਼ਾਰਸ਼ਾਂ ਅਤੇ ਨਵੀਨਤਾਵਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਤਾਂ ਜੋ ਫੀਡ ਪਰਿਵਰਤਨ ਕੁਸ਼ਲਤਾ ਵਿੱਚ ਸੁਧਾਰ ਕੀਤਾ ਜਾ ਸਕੇ, ਅਨੁਕੂਲ ਉਤਪਾਦਨ ਪੱਧਰਾਂ ਨੂੰ ਜਾਂਚਣਾ ਅਤੇ ਉਤਪਾਦਨ ਲਾਗਤ 'ਤੇ ਬਚਤ ਦੇ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਸਬੰਧੀ ਗਿਆਨ ਦਿੱਤਾ ਗਿਆ।  ਫੀਡ ਦੀ ਢੁੱਕਵੀਂ ਵਰਤੋਂ ਨੂੰ ਯਕੀਨੀ ਬਣਾਉਣ ਅਤੇ ਫੀਡ ਦੀ ਬਰਬਾਦੀ ਨੂੰ ਰੋਕਣ ਲਈ ਫੀਡਿੰਗ ਸੁਝਾਵਾਂ 'ਤੇ ਵੀ ਚਰਚਾ ਕੀਤੀ ਗਈ, ਜੋ ਕਿ ਪਾਣੀ ਦੀ ਗੁਣਵੱਤਾ ਬਣਾਈ ਰੱਖਣ, ਮੱਛੀ ਦੀ ਸਿਹਤ ਨੂੰ ਬਿਹਤਰ ਰੱਖਣ ਅਤੇ ਮੱਛੀ ਦੇ ਵਿਕਾਸ ਅਤੇ ਗੁਣਵੱਤਾ ਨੂੰ ਵਧਾਉਣ ਲਈ ਮਹੱਤਵਪੂਰਨ ਹਨ।
ਮੀਟਿੰਗ ਪ੍ਰਸ਼ਨ-ਉੱਤਰ ਸੈਸ਼ਨ ਨਾਲ ਸਮਾਪਤ ਹੋਈ, ਜਿੱਥੇ ਮਾਹਿਰਾਂ ਨੇ ਕਿਸਾਨਾਂ ਦੇ ਖੇਤ-ਪੱਧਰੀ ਸਵਾਲਾਂ ਨੂੰ ਸੰਬੋਧਿਤ ਕੀਤਾ ਅਤੇ ਲੰਮੇ ਸਮੇਂ ਦੀ ਸਥਿਰਤਾ ਲਈ ਵਿਗਿਆਨਕ ਜਲ-ਪਾਲਣ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ।