ਲੁਧਿਆਣਾ 20 ਅਗਸਤ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਨੂੰ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ, ਭਾਰਤ ਸਰਕਾਰ ਦੀ ਨੈਸ਼ਨਲ ਕਾਊਂਸਲ ਫਾਰ ਸਾਇੰਸ ਅਤੇ ਤਕਨਾਲੋਜੀ ਕਮਿਊਨੀਕੇਸ਼ਨ ਤੋਂ ਰੁ: 26 ਲੱਖ ਦੀ ਖੋਜ ਗ੍ਰਾਂਟ ਪ੍ਰਾਪਤ ਹੋਈ ਹੈ। ਇਸ ਪ੍ਰਾਜੈਕਟ ਤਹਿਤ ਪਸ਼ੂ ਪਾਲਣ ਅਤੇ ਵੈਟਨਰੀ ਵਿਗਿਆਨ ਪ੍ਰਤੀ ਜਾਗਰੂਕਤਾ ਅਤੇ ਸਮਝ ਨੂੰ ਬਿਹਤਰ ਬਣਾਉਣ ਲਈ ਤਿੰਨ ਪਸਾਰੀ (3D) ਪ੍ਰਿੰਟਿੰਗ ਤਕਨਾਲੋਜੀ ਦੀ ਵਰਤੋਂ ਕਰਨਾ ਹੈ। ਪ੍ਰਾਜੈਕਟ ਦੇ ਹਿੱਸੇ ਵਜੋਂ ਪਸ਼ੂ ਪਾਲਕਾਂ, ਵੈਟਨਰੀ ਵਿਦਿਆਰਥੀਆਂ ਅਤੇ ਆਮ ਜਨਤਾ ਲਈ ਸਰਲ ਅਤੇ ਸਿੱਖਣ ਦੇ ਵਿਹਾਰਕ ਅਨੁਭਵ ਨੂੰ ਦਰਸਾਉਣ ਲਈ ਇਕ ਤਿੰਨ ਪਸਾਰੀ (3D) ਅਜਾਇਬ ਘਰ ਸਥਾਪਿਤ ਕੀਤਾ ਜਾਵੇਗਾ। ਇਸ ਅਜਾਇਬ ਘਰ ਰਾਹੀਂ ਲੋਕਾਂ ਨੂੰ ਜਾਨਵਰਾਂ ਦੀ ਸਿਹਤ, ਬਿਮਾਰੀ ਦੀ ਰੋਕਥਾਮ, ਦੇਖਭਾਲ ਅਤੇ ਆਧੁਨਿਕ ਪਸ਼ੂ ਪਾਲਣ ਨੂੰ ਸਮਝਣ ਵਿੱਚ ਮਦਦ ਮਿਲੇਗੀ।
ਪ੍ਰਾਜੈਕਟ ਟੀਮ ਦੇ ਮੁੱਖ ਨਿਰੀਖਕ, ਡਾ. ਰਜਨੀਸ਼ ਸ਼ਰਮਾ ਹੋਣਗੇ ਅਤੇ ਡਾ. ਨਿਰਮਲ ਸਿੰਘ, ਡਾ. ਜਸਵਿੰਦਰ ਸਿੰਘ, ਸ਼੍ਰੀ ਧੀਰਜ ਕੁਮਾਰ ਅਤੇ ਡਾ. ਦੀਪਾਲੀ, ਸਹਿ-ਨਿਰੀਖਕ ਵਜੋਂ ਯੋਗਦਾਨ ਦੇਣਗੇ। ਇਸ ਟੀਮ ਦਾ ਕੰਮ ਵੈਟਨਰੀ ਸਿੱਖਿਆ ਨੂੰ ਵਧੇਰੇ ਵਿਹਾਰਕ, ਦਿਲਚਸਪ ਅਤੇ ਸਮਝਣ ਵਿੱਚ ਅਸਾਨ ਬਣਾਉਣ ’ਤੇ ਕੇਂਦਰਿਤ ਰਹੇਗਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਨਾਲ ਜਨਤਕ ਤੌਰ ’ਤੇ ਵੈਟਨਰੀ ਸਿੱਖਿਆ ਨੂੰ ਸਮਝਣ ਅਤੇ ਤਕਨਾਲੋਜੀਆਂ ਨੂੰ ਪੇਸ਼ ਕਰਨ ਵਿੱਚ ਮਦਦ ਮਿਲੇਗੀ।
ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ ਨੇ ਪ੍ਰਾਜੈਕਟ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕਲਾਸਰੂਮ ਗਿਆਨ ਅਤੇ ਵਰਤੋਂ ਵਿੱਚ ਆਉਣ ਵਾਲੇ ਵਿਹਾਰਕ ਗਿਆਨ ਵਿਚਲੇ ਪਾੜੇ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਖੋਜ ਨੇ ਕਿਹਾ ਕਿ ਇਸ ਪ੍ਰਾਜੈਕਟ ਤੋਂ ਪਸ਼ੂ ਸਿਹਤ ਅਤੇ ਪਸ਼ੂ ਪ੍ਰਬੰਧਨ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੇਗੀ ਜੋ ਸਿਖਾਉਣ ਦੇ ਨਾਲ ਨਾਲ ਗਿਆਨ ਨੂੰ ਕਿਸਾਨਾਂ, ਵਿਦਿਆਰਥੀਆਂ ਅਤੇ ਜਨਤਕ ਭਾਈਚਾਰੇ ਵਿੱਚ ਪਹੁੰਚਾਉਣ ਸੰਬੰਧੀ ਸਮਰੱਥਾ ਵਧਾਏਗੀ।
ਵੈਟਨਰੀ ਯੂਨੀਵਰਸਿਟੀ ਨੂੰ ਤਿੰਨ ਪਸਾਰੀ 3 ਅਜਾਇਬ ਘਰ ਬਣਾਉਣ ਲਈ ਮਿਲੀ ਰੁ26 ਲੱਖ ਦੀ ਵਿਤੀ ਰਾਸ਼ੀ
