ਲੁਧਿਆਣਾ 01 ਦਸੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਟੀਚਿੰਗ ਵੈਟਨਰੀ ਕਲੀਨਿਕਲ ਕੰਪਲੈਕਸ ਵਿਭਾਗ ਨੇ ਪ੍ਰਗਤੀਸ਼ੀਲ ਡੇਅਰੀ ਕਿਸਾਨਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ "ਪਸ਼ੂਆਂ ਦੇ ਖੁਰਾਂ ਦੀ ਸੰਭਾਲ ਸੰਬੰਧੀ" ਤਿੰਨ-ਦਿਨਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਸਿਖਲਾਈ ਦਾ ਉਦੇਸ਼ ਖੁਰਾਂ ਦੀ ਦੇਖਭਾਲ, ਲੰਗੜੇਪਨ ਦਾ ਸ਼ੁਰੂਆਤੀ ਸਮੇਂ ਪਤਾ ਲਗਾਉਣਾ, ਅਤੇ ਡੇਅਰੀ ਪਸ਼ੂਆਂ ਦੀ ਸਿਹਤ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਜ਼ਰੂਰੀ ਤਕਨੀਕਾਂ ਵਿੱਚ ਵਿਹਾਰਕ ਹੁਨਰ ਪ੍ਰਦਾਨ ਕਰਨਾ ਸੀ। ਸਿਖਿਆਰਥੀਆਂ ਨੂੰ ਖੁਰਾਂ ਦੀ ਬਣਤਰ ਬਾਰੇ ਦੱਸਿਆ ਗਿਆ ਅਤੇ ਲੰਗੜਾਪਨ ਕਰਨ ਵਾਲੇ ਕਾਰਕਾਂ ਦੀ ਚਰਚਾ ਕੀਤੀ ਗਈ । ਪਸ਼ੂਆਂ ਦੀ ਸਿਹਤ ਅਤੇ ਭਲਾਈ ਲਈ ਖੁਰ ਦੀ ਬੁਨਿਆਦੀ ਸੰਰਚਨਾ ਨੂੰ ਬਣਾਈ ਰੱਖਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ।
ਡਾ. ਰਾਜ ਸੁਖਬੀਰ ਸਿੰਘ, ਕੋਰਸ ਨਿਰਦੇਸ਼ਕ ਨੇ ਦੱਸਿਆ ਕਿ ਲੰਗੜਾਪਨ ਡੇਅਰੀ ਫਾਰਮਾਂ ਵਿੱਚ ਆਰਥਿਕ ਨੁਕਸਾਨ ਦਾ ਇੱਕ ਵੱਡਾ ਕਾਰਨ ਹੈ ਅਤੇ ਪਸ਼ੂਆਂ ਦੀ ਸਿਹਤ ਨੂੰ ਬਣਾਈ ਰੱਖਣ ਲਈ ਨਿਯਮਤ ਖੁਰ ਸੰਭਾਲ ਅਤੇ ਸਹੀ ਫਰਸ਼ ਪ੍ਰਬੰਧਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਭਾਸ਼ਣ ਦਿੱਤੇ ਅਤੇ ਪ੍ਰਯੋਗੀ ਸਿਖਲਾਈ ਦੀ ਨਿਗਰਾਨੀ ਕੀਤੀ। ਪ੍ਰਤੀਭਾਗੀਆਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਸਿਖਲਾਈ ਉਨ੍ਹਾਂ ਨੂੰ ਪਸ਼ੂ ਪਾਲਣ ਕਿੱਤਿਆਂ ਵਿੱਚ ਮੁਨਾਫ਼ਾ ਵਧਾਉਣ, ਲੰਗੜੇਪਣ ਦੀਆਂ ਘਟਨਾਵਾਂ ਨੂੰ ਘਟਾਉਣ ਅਤੇ ਖੁਰਾਂ ਦੀ ਦੇਖਭਾਲ ਸੇਵਾਵਾਂ ਰਾਹੀਂ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਕਰੇਗੀ।
        ਡਾ. ਜਤਿੰਦਰ ਮੋਹਿੰਦਰੂ, ਨਿਰਦੇਸ਼ਕ ਪਸ਼ੂ ਹਸਪਤਾਲ ਅਤੇ ਸਿਖਲਾਈ ਨਿਰਦੇਸ਼ਕ ਨੇ ਪ੍ਰੋਗਰਾਮ ਦੇ ਪ੍ਰਬੰਧ ਲਈ ਟੀਮ ਨੂੰ ਵਧਾਈ ਦਿੱਤੀ ਅਤੇ ਪੇਂਡੂ ਜੀਵਨ ਨੂੰ ਬਿਹਤਰ ਕਰਨ ਅਤੇ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਅਜਿਹੀਆਂ ਹੋਰ ਹੁਨਰ-ਅਧਾਰਿਤ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਦਾ ਨਿਸ਼ਚਾ ਦੁਹਰਾਇਆ।
ਡਾ. ਸਵਰਨ ਸਿੰਘ ਰੰਧਾਵਾ, ਡੀਨ ਕਾਲਜ ਆਫ਼ ਵੈਟਨਰੀ ਸਾਇੰਸ, ਨੇ ਇਸ ਸਿਖਲਾਈ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਕਿਸਾਨਾਂ ਅਤੇ ਨੌਜਵਾਨਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ, ਅਤੇ ਹੁਨਰ-ਅਧਾਰਤ ਸਿਖਲਾਈ ਦੇਣ ਲਈ ਵਿਭਾਗ ਦੀ ਸ਼ਲਾਘਾ ਕੀਤੀ।