ਲੁਧਿਆਣਾ, 15 ਸਤੰਬਰ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ 18-19 ਸਤੰਬਰ 2026 ਨੂੰ ਕਰਵਾਏ ਜਾਣ ਵਾਲੇ 'ਪਸ਼ੂ ਪਾਲਣ ਮੇਲੇ' ਦੌਰਾਨ ਰਾਜ ਦੇ ਅਗਾਂਹਵਧੂ ਪਸ਼ੂ ਪਾਲਕਾਂ ਨੂੰ 'ਮੁੱਖ ਮੰਤਰੀ ਪੁਰਸਕਾਰ' ਦਿੱਤੇ ਜਾਣਗੇ। ਡਾ. ਰਵਿੰਦਰ ਸਿੰਘ ਗਰੇਵਾਲ, ਪਸਾਰ ਸਿੱਖਿਆ ਨਿਰਦੇਸ਼ਕ ਨੇ ਇਨ੍ਹਾਂ ਪੁਰਸਕਾਰ ਜੇਤੂਆਂ ਦੇ ਨਾਂਵਾਂ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਪਸਾਰ ਮਾਡਲ, ਪਸ਼ੂ ਉਤਪਾਦਨ ਅਤੇ ਉੱਦਮਤਾ ਵਿੱਚ ਨਵੀਨਤਮ ਤਕਨੀਕਾਂ ਨੂੰ ਅਪਣਾਉਣ 'ਤੇ ਕੇਂਦਰਿਤ ਹੈ।
ਇਸੇ ਮੰਤਵ ਅਧੀਨ ਇਹ ਪੁਰਸਕਾਰ ਵਧੀਆ ਰਾਹ ਦਸੇਰੇ (ਮਿਸਾਲੀ ਸ਼ਖਸੀਅਤਾਂ) ਵਜੋਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਗਏ ਸਨ। ਆਉਂਦੇ ਪਸ਼ੂ ਪਾਲਣ ਮੇਲੇ ਦੌਰਾਨ, ਤਿੰਨ ਸ਼੍ਰੇਣੀਆਂ - ਨਵੀਨਕਾਰੀ ਪਸ਼ੂ ਪਾਲਕ (ਗਾਂ ਪਾਲਕ), ਨਵੀਨਕਾਰੀ ਮੁਰਗੀ ਪਾਲਕ ਅਤੇ ਪਸ਼ੂ ਉਤਪਾਦਾਂ ਦੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਵਿੱਚ ਉੱਦਮੀ ਤਹਿਤ ਅਗਾਂਹਵਧੂ ਪਸ਼ੂ ਪਾਲਕਾਂ ਨੂੰ 'ਮੁੱਖ ਮੰਤਰੀ ਪੁਰਸਕਾਰ' ਦਿੱਤੇ ਜਾਣਗੇ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਚੌਂਤਰਾ ਦੇ ਵਸਨੀਕ ਸ. ਬਲਵਿੰਦਰ ਸਿੰਘ ਸਪੁੱਤਰ ਸਵਰਗੀ ਸ੍ਰੀ ਸੁਰਜੀਤ ਸਿੰਘ ਦੇ ਨੂੰ 'ਗਾਂ ਪਾਲਕ' ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਹ ਇੱਕ ਵਧੀਆ ਢੰਗ ਨਾਲ ਕਾਰਜਸ਼ੀਲ ਡੇਅਰੀ ਫਾਰਮ ਚਲਾਉਂਦੇ ਹਨ ਜਿਸ ਵਿੱਚ ਆਧੁਨਿਕ ਮਸ਼ੀਨੀਕਰਨ, ਨਸਲ ਸੁਧਾਰ ਪ੍ਰੋਗਰਾਮ ਅਤੇ ਰਿਕਾਰਡ ਰੱਖਣ ਦੀ ਪ੍ਰਣਾਲੀ ਸ਼ਾਮਲ ਹੈ। ਉਨ੍ਹਾਂ ਦੇ ਫਾਰਮ ਵਿੱਚ ਲਗਭਗ 90 ਗਾਵਾਂ, ਵੱਛੀਆਂ ਅਤੇ ਉੱਚ ਨਸਲ ਦੇ ਪਸ਼ੂ ਹਨ, ਜਿਨ੍ਹਾਂ ਤੋਂ ਰੋਜ਼ਾਨਾ ਲਗਭਗ 12 ਕੁਇੰਟਲ ਦੁੱਧ ਦਾ ਉਤਪਾਦਨ ਹੁੰਦਾ ਹੈ। ਫਾਰਮ ਵਿੱਚ ਦੁੱਧ ਚੁਆਈ ਲਈ ਇੱਕ ਆਧੁਨਿਕ 'ਮਿਲਕਿੰਗ ਪਾਰਲਰ' ਮੌਜੂਦ ਹੈ ਤਾਂ ਜੋ ਘੱਟ ਤੋਂ ਘੱਟ ਮਨੁੱਖੀ ਸੰਪਰਕ ਨਾਲ ਮਿਆਰੀ ਦੁੱਧ ਦਾ ਉਤਪਾਦਨ ਯਕੀਨੀ ਬਣਾਇਆ ਜਾ ਸਕੇ।
ਜ਼ਿਲ੍ਹਾ ਸੰਗਰੂਰ ਦੇ ਵਸਨੀਕ ਸ੍ਰੀ ਰਾਜੇਸ਼ ਗਰਗ ਸਪੁੱਤਰ ਸ੍ਰੀ ਚਮਨ ਲਾਲ ਨੂੰ 'ਨਵੀਨਕਾਰੀ ਮੁਰਗੀ ਪਾਲਕ' ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦਾ ਪੋਲਟਰੀ ਫਾਰਮ 15 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਵਾਤਾਵਰਣ-ਨਿਯੰਤਰਿਤ ਸ਼ੈੱਡਾਂ ਅੰਦਰ 4.50 ਲੱਖ ਆਂਡੇ ਦੇਣ ਵਾਲੀਆਂ ਮੁਰਗੀਆਂ ਅਤੇ 2 ਲੱਖ ਚੂਚੇ ਤੇ ਪਾਲੇ ਜਾ ਰਹੇ ਪੰਛੀ ਮੌਜੂਦ ਹਨ। ਵਾਤਾਵਰਣ-ਪੱਖੀ ਰਹਿੰਦ-ਖੂੰਹਦ ਪ੍ਰਬੰਧਨ ਤਕਨੀਕ ਨੂੰ ਅਪਣਾਉਣ ਲਈ ਉਨ੍ਹਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਮਾਨਤਾ ਦਿੱਤੀ ਗਈ ਹੈ। ਉਹ ਨੇੜਲੇ ਹਸਪਤਾਲ ਵਿੱਚ ਮਰੀਜ਼ਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਸਮਾਜ ਦੀ ਸੇਵਾ ਵੀ ਕਰ ਰਹੇ ਹਨ।
ਪਸ਼ੂ ਉਤਪਾਦਾਂ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਦੀ ਸ਼੍ਰੇਣੀ ਵਿੱਚ, ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਹਰੀਕੇ ਦੇ ਵਸਨੀਕ ਸ. ਜਰਨੈਲ ਸਿੰਘ ਸਪੁੱਤਰ ਸ. ਜਸਵੰਤ ਸਿੰਘ ਨੂੰ ਇਹ ਪੁਰਸਕਾਰ ਦਿੱਤਾ ਜਾਵੇਗਾ। ਉਹ ਲਗਭਗ 50,000 ਲੀਟਰ ਦੁੱਧ ਦੀ ਸਮਰੱਥਾ ਵਾਲਾ ਦੁੱਧ ਪ੍ਰੋਸੈਸਿੰਗ ਯੂਨਿਟ ਚਲਾ ਰਹੇ ਹਨ। ਉਹ ਦੁੱਧ ਦੀ ਪ੍ਰੋਸੈਸਿੰਗ ਅਤੇ ਗੁਣਵੱਤਾ ਭਰਪੂਰ ਉਤਪਾਦ ਤੇ ਮਿਠਾਈਆਂ ਤਿਆਰ ਕਰਨ ਲਈ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰਦੇ ਹਨ, ਅਤੇ ਨਾਲ ਹੀ ਸਹਾਇਕ ਉਤਪਾਦਾਂ ਦੀ ਵਿਕਰੀ ਵੀ ਕਰਦੇ ਹਨ।
ਇਸ ਪੁਰਸਕਾਰ ਵਿੱਚ ਨਕਦ ਰਾਸ਼ੀ ਦੇ ਨਾਲ-ਨਾਲ ਇੱਕ ਯਾਦਗਾਰੀ ਚਿੰਨ੍ਹ, ਸ਼ਾਲ ਅਤੇ ਸਨਮਾਨ ਪੱਤਰ ਸ਼ਾਮਲ ਹਨ।
ਵੈਟਨਰੀ ਯੂਨੀਵਰਸਿਟੀ ਵੱਲੋਂ ਮੁੱਖ ਮੰਤਰੀ ਪੁਰਸਕਾਰ ਜੇਤੂ ਅਗਾਂਹਵਧੂ ਪਸ਼ੂ ਪਾਲਕਾਂ ਦਾ ਐਲਾਨ
