ਐਸ ਏ ਐਸ ਨਗਰ, 23 ਜੂਨ- ਮੁਹਾਲੀ ਨਾਲ ਸਬੰਧਤ ਵਖ-ਵਖ ਵਪਾਰਕ ਜਥੇਬੰਦੀਆਂ ਵੱਲੋਂ ਉਹਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਗੇ ਹੋ ਕੇ ਕਾਰਵਾਈ ਕਰਨ ਬਦਲੇ ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਸ੍ਰੀ ਵਿਨੀਤ ਵਰਮਾ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਜਥੇਬੰਦੀਆਂ ਵਿੱਚ ਫੇਜ਼ 5 ਮਾਰਕੀਟ ਦੇ ਪ੍ਰਧਾਨ ਰਾਜਪਾਲ ਚੌਧਰੀ, ਪਰਮਜੀਤ ਸਿੰਘ, ਅਮਰਜੀਤ ਸਿੰਘ ਨਾਗਪਾਲ, ਅਨੀਸ ਸਿੰਗਲਾ, ਸੁਖਦੇਵ ਸਿੰਘ, ਸਤਨਾਮ ਸਿੰਘ, ਸੀਤਲ ਸਿੰਘ ਚੇਅਰਮੈਨ ਵਪਾਰ ਮੰਡਲ ਮੁਹਾਲੀ, ਅਰਵਿੰਦਰ ਸਿੰਘ ਉਦਯੋਗ ਐਸੋਸੀਏਸ਼ਨ ਅਤੇ ਗਗਨਦੀਪ ਕੁਮਾਰ, ਮਾਲ ਐਸੋਸੀਏਸ਼ਨ ਮੁਹਾਲੀ ਮੌਜੂਦ ਸਨ।
ਇਸ ਮੌਕੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸ੍ਰੀ ਵਿਨੀਤ ਵਰਮਾ ਵੱਲੋਂ ਪਿਛਲੇ ਦਿਨਾਂ ਵਿੱਚ ਫੇਜ਼ ਪੰਜ ਦੀ ਮਾਰਕੀਟ ਦੇ ਪਾਰਕਿੰਗ ਸਥਾਨ ਨੂੰ ਰੀਕਾਰਪੈਟ (ਮੁਰੰਮਤ) ਕਰਵਾਉਣ, ਫੇਜ਼ 3 ਬੀ 2 ਵਿਖੇ ਨਜਾਇਜ਼ ਰੇਹੜੀਆਂ-ਫੜੀਆਂ ਦੇ ਮੁੱਦੇ ਨੂੰ ਹੱਲ ਕਰਵਾਉਣ ਅਤੇ ਫੇਜ਼ 10 ਵਿੱਚ ਗੁਰੂ ਨਾਨਕ ਸਵੀਟਸ ਬਲਾਕ ਵਾਲੀ ਮਾਰਕੀਟ ਐਂਟਰੀ ਨੂੰ ਗਮਾਡਾ ਤੋਂ ਖੁੱਲ੍ਹਵਾਉਣ ਆਦਿ ਦੇ ਕੰਮਾਂ ਵਿੱਚ ਨਿਗਮ ਅਤੇ ਗਮਾਡਾ ਅਧਿਕਾਰੀਆਂ ਕੋਲੋਂ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਵਾਇਆ ਗਿਆ ਹੈ। ਇਸ ਮੌਕੇ ਸ੍ਰੀ ਵਰਮਾ ਨੇ ਕਿਹਾ ਕਿ ਪੰਜਾਬ ਟ੍ਰੇਡਰਜ਼ ਕਮਿਸ਼ਨ ਵਪਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਰਕਾਰੀ ਤੌਰ ’ਤੇ ਗਠਿਤ ਕੀਤੀ ਗਈ ਸੰਸਥਾ ਹੈ, ਜੋ ਹਮੇਸ਼ਾਂ ਉਹਨਾਂ ਦੇ ਹਿੱਤਾਂ ’ਤੇ ਪਹਿਰਾ ਦਿੰਦੀ ਰਹੇਗੀ।