ਪਟਿਆਲਾ:- ਏ.ਐਸ.ਐਸ.ਏ., ਜੇ.ਪੀ.ਏ., ਈ.ਜੀ.-2 ਦੇ ਉਮੀਦਵਾਰਾਂ ਵੱਲੋਂ ਨੌਕਰੀਆਂ ਸਬੰਧੀ ਨਿਯੁਕਤੀ ਪੱਤਰ ਨਾ ਦੇਣ ਬਾਰੇ ਵਾਰ ਵਾਰ ਵਾਅਦਾ ਖਿਲਾਫੀਆਂ ਕਰਨ ਉੱਤੇ 305 ਅਤੇ 306 ਪੇਪਰ ਪਾਸ ਬੇਰੋਜਗਾਰ ਯੂਨੀਅਨ ਪੰਜਾਬ ਵਲੋਂ ਪ੍ਰਧਾਨ ਅਮਰਜੋਤ ਸਿੰਘ ਦੀ ਅਗਵਾਈ ਵਿੱਚ ਪੀ.ਐਸ.ਪੀ.ਸੀ.ਐਲ. ਦੇ ਮੁੱਖ ਦਫਤਰ ਦੇ ਗੇਟ ਸਾਹਮਣੇ ਵਰ੍ਹਦੇ ਮੀਂਹ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਦੌਰਾਨ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਮੈਨੇਜਮੈਂਟ ਵਿਰੁੱਧ ਭਾਰੀ ਰੋਸ ਪ੍ਰਗਟਾਇਆ ਗਿਆ। 
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ 19 ਨਵੰਬਰ 2025 ਨੂੰ ਬੇਰੁਜ਼ਗਾਰ ਉਮੀਦਵਾਰਾਂ ਵੱਲੋਂ ਨੋਕਰੀਆ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਦੌਰਾਨ ਵਿਭਾਗ ਵੱਲੋਂ ਲਿਖਤੀ ਤੌਰ ‘ਤੇ 15 ਦਿਨਾਂ ਦੇ ਅੰਦਰ ਨਿਯੁਕਤੀ ਪੱਤਰ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਪਰ 15 ਦਿਨ ਬੀਤ ਜਾਣ ਤੋਂ ਬਾਅਦ ਵੀ ਵਿਭਾਗ ਵੱਲੋਂ ਨਾ ਤਾਂ ਨਿਯੁਕਤੀਆਂ ਕੀਤੀਆ ਗਈਆਂ ਅਤੇ ਨਾ ਹੀ ਨਿਯੁਕਤੀਆਂ ਸੰਬੰਧੀ ਕੋਈ ਸਪਸ਼ਟ ਜਾਣਕਾਰੀ ਯੂਨੀਅਨ ਨਾਲ ਸਾਂਝੀ ਕੀਤੀ ਗਈ। 
ਜਿਸ ਦੇ ਰੋਸ ਵਜੋਂ ਉਮੀਦਵਾਰਾਂ ਨੇ ਸਮੇਂ-ਸਮੇਂ ‘ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ, ਪਰ ਸਾਰੀਆਂ ਮੀਟਿੰਗਾਂ ਬੇਨਤੀਜਾ ਹੀ ਰਹੀਆ। ਇਸ ਤੋਂ ਬਾਅਦ 22 ਅਤੇ 23 ਦਸੰਬਰ 2025 ਨੂੰ ਵੀ ਉਮੀਦਵਾਰਾਂ ਵੱਲੋਂ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਬਿਜਲੀ ਬੋਰਡ ਵਿਭਾਗ ਨੇ ਜਨਵਰੀ 2026 ਦੇ ਪਹਿਲੇ ਹਫ਼ਤੇ ਨਿਯੁਕਤੀ ਪੱਤਰ ਦੇਣ ਦਾ ਵਾਅਦਾ ਕੀਤਾ ਸੀ ਪਰ  ਅੱਜ ਜਨਵਰੀ ਮਹੀਨੇ ਦਾ ਤੀਜਾ ਹਫ਼ਤਾ ਚੱਲ ਰਿਹਾ ਹੈ ਅਤੇ ਮਹੀਨਾ ਖ਼ਤਮ ਹੋਣ ਦੇ ਨਜ਼ਦੀਕ ਹੈ। 
ਪਰ ਬਿਜਲੀ ਬੋਰਡ ਵਿਭਾਗ ਵੱਲੋਂ ਹਾਲੇ ਤੱਕ ਨਾ ਕੋਈ ਲਿਖਤੀ ਜਾਣਕਾਰੀ ਦਿੱਤੀ ਗਈ ਹੈ ਅਤੇ ਨਾ ਹੀ ਕੋਈ ਸਕਾਰਾਤਮਕ ਜਵਾਬ ਮਿਲਿਆ ਹੈ। ਯੂਨੀਅਨ ਪ੍ਰਧਾਨ ਅਮਰਜੋਤ ਸਿੰਘ ਨੇ  ਕਿਹਾ ਕਿ ਅਸੀਂ ਸਾਰੇ ਉਮੀਦਵਾਰਾ ਨੌਕਰੀਆਂ ਦੀ ਪ੍ਰਾਪਤੀਆਂ ਲਈ ਹਰਇੱਕ ਸ਼ਰਤ ਅਤੇ ਨਿਯਮਾਂ ਤੇ ਖਰੇ ਉਤਰੇ ਹਨ। ਪਰ ਫਿਰ ਵੀ ਲਗਭਗ 550 ਉਮੀਦਵਾਰਾਂ ਨੂੰ ਬਿਜਲੀ ਬੋਰਡ ਦੀ ਮੈਨੇਜਮੈਂਟ ਵਲੋਂ ਲਾਅਰੇ ਲੱਪੇ ਦੇ ਸਿਵਾਏ ਕੁੱਝ ਵੀ ਉਮੀਦਵਾਰਾਂ ਨੂੰ ਪ੍ਰਾਪਤ ਨਹੀਂ ਹੋਇਆ। 
ਉਹਨਾਂ ਕਿਹਾ ਕਿ ਜਦੋਂ ਤੱਕ ਬੇਰੋਜਗਾਰ ਉਮੀਦਵਾਰਾਂ ਨੂੰ ਨੌਕਰੀ ਸਬੰਧੀ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਉਦੋ ਤੱਕ ਪੀ.ਐਸ.ਪੀ.ਸੀ.ਐਲ. ਦੇ ਬਾਹਰ ਪੱਕਾ ਮੋਰਚਾ ਰੋਸ ਵਜੋਂ ਲਗਾ ਦਿੱਤਾ ਗਿਆ ਹੈ। ਇਸ ਮੌਕੇ ਅਮਰਜੋਤ ਸਿੰਘ, ਜਗਜੀਤ ਸਿੰਘ, ਗੁਰਨਾਮ ਸਿੰਘ,ਅਜੇ ਬਤਰਾ, ਪਲਵਿੰਦਰ ਸਿੰਘ, ਰਮਨਦੀਪ ਸਿੰਘ, ਜਗਸੀਰ ਸਿੰਘ, ਅਜੇ ਬੱਤਰਾ, ਅੰਗਰੇਜ ਸਿੰਘ, ਇਕਜੋਤ ਸਿੰਘ, ਚੇਤਨ ਸ਼ਰਮਾ, ਗੁਰਤੇਜ ਸਿੰਘ, ਰਾਜਵਿੰਦਰ ਕੌਰ, ਰਾਜਦੀਪ ਕੋਰ, ਰਿਤੂ, ਗਗਨਦੀਪ ਕੌਰ, ਅਨਿੰਨਿਆ ਸ਼ਰਮਾ, ਵਿਸ਼ਾਲ ਗੌਤਮ ਆਦਿ ਬੇਰੁਜਗਾਰ ਆਗੂ ਹਾਜਰ ਸਨ।