ਪਟਿਆਲਾ, 2 ਫਰਵਰੀ - ਜਿਉਂ ਜਿਉਂ ਲੋਕਾਂ ਦੀ ਹਰ ਹੀਲੇ ਵਿਦੇਸ਼ ਜਾਣ ਦੀ ਤਾਂਘ ਵਧਦੀ ਜਾ ਰਹੀ ਹੈ ਤਿਉਂ ਤਿਉਂ ਵਿਦੇਸ਼ ਪਹੁੰਚਣ ਦੇ ਚਾਹਵਾਨ ਲੋਕਾਂ ਨਾਲ ਠੱਗੀ ਮਾਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦੀ ਠੱਗੀ ਮਾਰਨ ਦੀਆਂ ਦੋ ਖ਼ਬਰਾਂ ਸਾਹਮਣੇ ਆਈਆਂ ਹਨ। 42 ਲੱਖ ਰੁਪਏ ਦੀ ਠੱਗੀ ਪਿੰਡ ਪਹਿਰ ਖੁਰਦ ਦੇ ਮਨਪ੍ਰੀਤ ਸਿੰਘ ਨਾਲ ਵੱਜੀ ਹੈ ਜਿਸਨੇ ਤਿੰਨ ਕਥਿਤ ਦੋਸ਼ੀਆਂ ਮਨੀਸ਼ ਕੁਮਾਰ, ਵਿਜੇ ਕੁਮਾਰ (ਰਾਜਪੁਰਾ) ਤੇ ਪਰਮਜੀਤ ਸਿੰਘ ਭਬੋਲ (ਯਮੁਨਾ ਨਗਰ) ਵਿਰੁੱਧ ਥਾਣਾ ਸਿਟੀ ਰਾਜਪੁਰਾ ਵਿਖੇ ਮਾਮਲਾ ਦਰਜ ਕਰਵਾਇਆ ਹੈ। ਇਨ੍ਹਾਂ ਵਿਅਕਤੀਆਂ ਨੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 42 ਲੱਖ ਰੁਪਏ ਹਾਸਲ ਕਰ ਲਏ ਪਰ ਬਾਅਦ ਵਿੱਚ ਨਾ ਵਿਦੇਸ਼ (ਅਮਰੀਕਾ) ਭੇਜਿਆ ਤੇ ਨਾ ਹੀ ਰਕਮ ਵਾਪਸ ਕੀਤੀ। ਠੱਗੀ ਦਾ ਦੂਜਾ ਮਾਮਲਾ ਕੋਤਵਾਲੀ ਪਟਿਆਲਾ 'ਚ ਖ਼ਾਲਸਾ ਮੁਹੱਲਾ ਵਾਸੀ ਓਂਕਾਰ ਸਿੰਘ ਨੇ ਦਰਜ ਕਰਵਾਇਆ ਹੈ। ਉਸਨੇ ਸਥਾਨਕ ਪੁਰਾਣਾ ਲਾਲ ਬਾਗ਼ ਦੇ ਸੌਰਵ ਕੁਮਾਰ ਵਿਰੁੱਧ ਸ਼ਿਕਾਇਤ ਵਿੱਚ ਕਿਹਾ ਹੈ ਕਿ ਸੌਰਵ ਨੇ ਕੈਨੇਡਾ ਦਾ ਵਰਕ ਪਰਮਿਟ ਦੁਆਉਣ ਦਾ ਝਾਂਸਾ ਦੇ ਕੇ ਮੁਦੈਲਾ ਤੋਂ 9 ਲੱਖ 25 ਹਜ਼ਾਰ ਰੁਪਏ ਤਾਂ ਲੈ ਲਏ ਪਰ ਉਹ ਵਰਕ ਪਰਮਿਟ ਨਾ ਦੁਆ ਸਕਿਆ। ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਆਈ ਪੀ ਸੀ ਦੀਆਂ ਧਾਰਾਵਾਂ 406, 420 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਦੀ ਧਾਰਾ 13 ਅਧੀਨ ਮਾਮਲੇ ਦਰਜ ਕੀਤੇ ਹਨ।
ਵਿਦੇਸ਼ ਭੇਜਣ ਦੇ ਨਾਂ 'ਤੇ 51 ਲੱਖ ਰੁਪਏ ਤੋਂ ਵੱਧ ਦੀਆਂ ਦੋ ਠੱਗੀਆਂ ਦੇ ਮਾਮਲੇ ਦਰਜ
