ਵੈਨਕੂਵਰ, ਕੈਨੇਡਾ:- ਅਮਰੀਕਾ ਵਿੱਚ ਹੋਈਆਂ ਮੱਧਕਾਲੀ ਚੋਣਾਂ ਵਿੱਚ ਵੋਟਰਾਂ ਨੇ ਸੱਤਾਧਾਰੀ ਰਿਪਬਲਿਕਨ ਪਾਰਟੀ ਨੂੰ ਕਰਾਰੀ ਹਾਰ ਦਿੰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਸ਼ਕਤੀਆਂ ’ਤੇ ਵੱਡੀ ਰੋਕ ਲਗਾ ਦਿੱਤੀ ਹੈ। ਵੋਟਰਾਂ ਦੇ ਇਸ ਫ਼ਤਵੇ ਨੇ ਸਿਆਸੀ ਗਲਿਆਰਿਆਂ ਵਿੱਚ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਜਨਤਾ ਵੱਲੋਂ ਦਿੱਤੀ ਗਈ ਸੱਤਾ ਮਨਮਰਜ਼ੀਆਂ ਕਰਨ ਲਈ ਨਹੀਂ, ਸਗੋਂ ਲੋਕ ਹਿੱਤਾਂ ਦੀ ਰਾਖੀ ਲਈ ਹੁੰਦੀ ਹੈ।
ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਜ਼ਬਰਦਸਤ ਵਾਪਸੀ ਕਰਦਿਆਂ 435 ਮੈਂਬਰੀ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ (ਹੇਠਲਾ ਸਦਨ) ਅਤੇ 100 ਮੈਂਬਰੀ ਸੈਨੇਟ, ਦੋਵਾਂ ਵਿੱਚ ਹੀ ਪੂਰਨ ਬਹੁਮਤ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ 30 ਸੂਬਿਆਂ ਵਿੱਚ ਆਪਣੇ ਗਵਰਨਰ ਬਣਾ ਕੇ ਸੱਤਾ ’ਤੇ ਕਬਜ਼ਾ ਕਰ ਲਿਆ ਹੈ।
ਭਾਵੇਂ ਡੋਨਲਡ ਟਰੰਪ ਆਪਣੇ ਕਾਰਜਕਾਲ ਦੇ ਬਾਕੀ ਰਹਿੰਦੇ ਦੋ ਸਾਲ ਪੂਰੇ ਕਰਨਗੇ, ਪਰ ਹੁਣ ਉਨ੍ਹਾਂ ਕੋਲ ਪਹਿਲਾਂ ਵਾਂਗ ਮਨਮਰਜ਼ੀ ਨਾਲ ਫ਼ੈਸਲੇ ਲੈਣ ਦੀਆਂ ਸ਼ਕਤੀਆਂ ਨਹੀਂ ਰਹੀਆਂ। ਉਨ੍ਹਾਂ ਲਈ ਕੋਈ ਵੀ ਵਿਧਾਨਕ ਫ਼ੈਸਲਾ ਲੈਣਾ ਹੁਣ ਵਿਰੋਧੀ ਪਾਰਟੀ ਦੀ ਇੱਛਾ ’ਤੇ ਨਿਰਭਰ ਹੋ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ਦੇ ਹੱਕ ਵਿੱਚ ਅਜਿਹੀ ਜ਼ਬਰਦਸਤ ਹਨੇਰੀ ਚੱਲੀ ਕਿ 8–10 ਸੂਬਿਆਂ ਵਿੱਚ 1932 ਤੋਂ ਰਿਪਬਲਿਕਨ ਪਾਰਟੀ ਨਾਲ ਜੁੜੇ ਲੋਕ ਵੀ ਆਪਣਾ ਪੱਖ ਬਦਲ ਕੇ ਡੈਮੋਕ੍ਰੇਟਿਕ ਪਾਰਟੀ ਦੇ ਹੱਕ ਵਿੱਚ ਭੁਗਤਣ ਲਈ ਮਜਬੂਰ ਹੋ ਗਏ।
ਵੋਟਰਾਂ ਨੇ ਕਈ ਨਾਮੀ ਕੰਪਨੀਆਂ ਦੇ ਸਰਵੇਖਣਾਂ ਨੂੰ ਵੀ ਗਲਤ ਸਾਬਤ ਕਰ ਦਿੱਤਾ। ਮੱਧਕਾਲੀ ਚੋਣਾਂ ਦੀ ਖ਼ਾਸ ਗੱਲ ਇਹ ਰਹੀ ਕਿ ਦੋਵਾਂ ਸਦਨਾਂ ਵਿੱਚ ਦਹਾਕਿਆਂ ਤੋਂ ਦੋ ਪ੍ਰਮੁੱਖ ਪਾਰਟੀਆਂ ਦਰਮਿਆਨ ਸੱਤਾਧਾਰੀ ਪਾਰਟੀ ਨੂੰ ਮਾਮੂਲੀ ਬਹੁਮਤ ਮਿਲਣ ਦੇ ਰੁਝਾਨ ਦੇ ਉਲਟ ਇਸ ਵਾਰ ਜਿੱਤ ਦਾ ਫ਼ਰਕ ਕਾਫ਼ੀ ਵੱਡਾ ਰਿਹਾ।
ਖ਼ਬਰ ਲਿਖੇ ਜਾਣ ਤੱਕ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼, ਜਿਸ ਨੂੰ ਆਮ ਤੌਰ ’ਤੇ ਹਾਊਸ ਆਫ਼ ਕਾਮਨਜ਼ ਕਿਹਾ ਜਾਂਦਾ ਹੈ, ਦੀਆਂ 435 ਸੀਟਾਂ ਵਿੱਚੋਂ ਡੈਮੋਕ੍ਰੇਟਿਕ ਪਾਰਟੀ 228 ਸੀਟਾਂ ਜਿੱਤ ਚੁੱਕੀ ਸੀ, ਜਦਕਿ 68 ਸੀਟਾਂ ਦੇ ਨਤੀਜੇ ਆਉਣੇ ਬਾਕੀ ਸਨ। ਸੱਤਾਧਾਰੀ ਰਿਪਬਲਿਕਨ ਪਾਰਟੀ ਨੂੰ ਸਿਰਫ਼ 139 ਸੀਟਾਂ ’ਤੇ ਜਿੱਤ ਮਿਲੀ ਸੀ।
100 ਸੀਟਾਂ ਵਾਲੀ ਸੈਨੇਟ ਲਈ ਹਰ ਦੋ ਸਾਲ ਬਾਅਦ ਇੱਕ-ਤਿਹਾਈ ਸੀਟਾਂ ’ਤੇ ਚੋਣਾਂ ਹੁੰਦੀਆਂ ਹਨ। ਇਸੇ ਪ੍ਰਬੰਧ ਤਹਿਤ ਇਸ ਵਾਰ 35 ਸੀਟਾਂ ’ਤੇ ਵੋਟਾਂ ਪਈਆਂ। ਉਪਲਬਧ ਕੁੱਲ ਅੰਕੜਿਆਂ ਮੁਤਾਬਕ ਡੈਮੋਕ੍ਰੇਟਿਕ ਪਾਰਟੀ ਨੇ 54 ਸੀਟਾਂ ’ਤੇ ਜਿੱਤ ਦਰਜ ਕਰਕੇ ਪੂਰਨ ਬਹੁਮਤ ਹਾਸਲ ਕਰ ਲਿਆ ਹੈ, ਜਦਕਿ ਦੋ ਸੀਟਾਂ ਦੇ ਨਤੀਜੇ ਅਜੇ ਆਉਣੇ ਬਾਕੀ ਹਨ।
ਦੂਜੇ ਪਾਸੇ, ਦੇਸ਼ ਦੇ 50 ਸੂਬਿਆਂ ਦੇ ਗਵਰਨਰਾਂ ਦੇ ਨਤੀਜਿਆਂ ’ਤੇ ਨਜ਼ਰ ਮਾਰੀਏ ਤਾਂ 28 ਸੂਬਿਆਂ ਵਿੱਚ ਡੈਮੋਕ੍ਰੇਟਿਕ ਅਤੇ 20 ਸੂਬਿਆਂ ਵਿੱਚ ਰਿਪਬਲਿਕਨ ਸਮਰਥਕਾਂ ਦੇ ਹੱਥ ਸੱਤਾ ਦੀ ਵਾਗਡੋਰ ਆਈ ਹੈ। ਬਾਕੀ ਦੋ ਸੂਬਿਆਂ ਵਿੱਚ ਅਜੇ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ। ਡੈਮੋਕ੍ਰੇਟਿਕ ਪਾਰਟੀ ਨੂੰ ਵਧਾਈ ਦਿੰਦਿਆਂ ਟਰੰਪ ਨੇ ਕਿਹਾ ਕਿ ਭਾਵੇਂ ਉਨ੍ਹਾਂ ਦੀ ਪਾਰਟੀ ਨੂੰ ਵਿਧਾਨਪਾਲਿਕਾ ਵਿੱਚ ਬਹੁਮਤ ਨਹੀਂ ਮਿਲਿਆ, ਪਰ ਉਹ ਅਮਰੀਕਾ ਦੀ ਮਜ਼ਬੂਤੀ ਲਈ ਆਪਣੀ ਪਸੰਦ ਦੇ ਫ਼ੈਸਲੇ ਲੈਂਦੇ ਰਹਿਣਗੇ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਇਸ ਚੋਣ ਵਿੱਚ ਅਮਰੀਕੀ ਵੋਟਰਾਂ ਦਾ ਸੁਨੇਹਾ ਸਪੱਸ਼ਟ ਹੈ ਕਿ ਉਹ ਵੰਡਪਾਊ ਨੀਤੀ ਦੇ ਵਿਰੁੱਧ ਅਤੇ ਏਕਤਾ ਦੇ ਹੱਕ ਵਿੱਚ ਇਕਜੁੱਟ ਹੋਏ ਹਨ ਅਤੇ ਉਨ੍ਹਾਂ ਨੂੰ ਏਕਤਾ ਵਿੱਚੋਂ ਆਪਣੀਆਂ ਸਮੱਸਿਆਵਾਂ ਦੇ ਹੱਲ ਦੀ ਝਲਕ ਦਿਖਾਈ ਦਿੱਤੀ ਹੈ।
