ਮੋਹਾਲੀ:- ਸਾਡੇ ਜੀਵਨ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਅਸੀਂ ਸਾਰੇ ਹੀ ਭਲੀ-ਭਾਂਤ ਜਾਣੂ ਹਾਂ। ਦਰੱਖਤਾਂ ਸਦਕਾ ਹੀ ਮਨੁੱਖਾਂ, ਜੀਵ-ਜੰਤੂਆਂ, ਪੰਛੀਆਂ-ਪਰਿੰਦਿਆਂ ਅਤੇ ਬੇਅੰਤ ਕੀਟਾਂ ਦਾ ਜੀਵਨ ਤੇ ਹੋਂਦ ਸੰਭਵ ਹੈ। ਇਸੇ ਲਈ ਧਾਰਮਿਕ ਗ੍ਰੰਥਾਂ, ਮਹਾਂਪੁਰਖਾਂ ਅਤੇ ਵਿਗਿਆਨ ਨੇ ਮਨੁੱਖ ਨੂੰ ਦਰੱਖਤ ਲਗਾਉਣ, ਰੁੱਖਾਂ ਦੀ ਸੰਭਾਲ ਕਰਨ ਅਤੇ ਉਨ੍ਹਾਂ ਨੂੰ ਨਾ ਕੱਟਣ ਦੀ ਸੇਧ ਦਿੱਤੀ ਹੈ। ਸਾਨੂੰ ਇਸ ਰਾਹ ’ਤੇ ਚੱਲਣ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪਰ ਇਸ ਦੇ ਨਾਲ ਹੀ ਕਈ ਵਾਰ ਕਿਸੇ ਭਰਮ-ਭੁਲੇਖੇ ਜਾਂ ਅੰਧ-ਵਿਸ਼ਵਾਸ ਕਾਰਨ ਮਨੁੱਖ ਦਰੱਖਤਾਂ ਦੀਆਂ ਜੜ੍ਹਾਂ, ਤਣਿਆਂ ਜਾਂ ਪੱਤਿਆਂ ’ਤੇ ਸਿੰਦੂਰ, ਤੇਲ, ਆਟਾ ਜਾਂ ਮਠਿਆਈ ਆਦਿ ਪਾ ਦਿੰਦਾ ਹੈ। ਅਗਿਆਨਤਾ ਕਾਰਨ ਅਜਿਹਾ ਕਰਕੇ ਅਸੀਂ ਵੱਡੇ-ਵੱਡੇ ਦਰੱਖਤਾਂ ਨੂੰ ਨੁਕਸਾਨ ਪਹੁੰਚਾਉਣ ਜਾਂ ਉਨ੍ਹਾਂ ਦੇ ਸੁੱਕ ਜਾਣ ਦਾ ਕਾਰਨ ਬਣ ਸਕਦੇ ਹਾਂ। ਅਜਿਹੀਆਂ ਵਸਤੂਆਂ ਕੀੜੇ-ਮਕੌੜਿਆਂ ਨੂੰ ਦਰੱਖਤਾਂ ਵੱਲ ਆਕਰਸ਼ਿਤ ਕਰਦੀਆਂ ਹਨ, ਜੋ ਬਾਅਦ ਵਿੱਚ ਦਰੱਖਤਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ, ਤੇਲ ਅਤੇ ਸਿੰਦੂਰ ਵਰਗੀਆਂ ਕੁਝ ਹਾਨੀਕਾਰਕ ਵਸਤੂਆਂ ਦਰੱਖਤਾਂ ਦੀਆਂ ਜੜ੍ਹਾਂ ਅਤੇ ਤਣਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।
ਜੇਕਰ ਅਸੀਂ ਇਸ ਛੋਟੀ ਜਿਹੀ ਅਣਗਹਿਲੀ ਅਤੇ ਅਗਿਆਨਤਾ ਨੂੰ ਸਮਝ ਲਈਏ, ਤਾਂ ਅਸੀਂ ਬਹੁਤ ਸਾਰੇ ਦਰੱਖਤਾਂ ਨੂੰ ਨਸ਼ਟ ਹੋਣ ਜਾਂ ਸਮੇਂ ਤੋਂ ਪਹਿਲਾਂ ਸੁੱਕ ਜਾਣ ਤੋਂ ਬਚਾ ਸਕਦੇ ਹਾਂ। ਸਾਡਾ ਇਹ ਛੋਟਾ ਜਿਹਾ ਸਾਰਥਕ ਉਪਰਾਲਾ ਸਾਨੂੰ ਵਾਤਾਵਰਨ-ਪ੍ਰੇਮੀ ਬਣਾ ਸਕਦਾ ਹੈ। ਵਾਤਾਵਰਨ ਦੇ ਹਿਤੈਸ਼ੀ ਬਣ ਕੇ ਅਸੀਂ ਆਪਣੇ ਆਲੇ-ਦੁਆਲੇ ਨੂੰ ਹਰਾ-ਭਰਾ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਾਂ।
ਵਾਤਾਵਰਨ ਵਿੱਚ ਸੁਧਾਰ ਵੱਲ ਇੱਕ ਛੋਟੀ ਜਿਹੀ ਕੋਸ਼ਿਸ਼।
